ਪਟਿਆਲਾ-ਸਮਾਣਾ-ਪਾਤੜਾਂ ਮਾਰਗ 6 ਲੇਨ ਕਰਨ ਦੀ ਤਜਵੀਜ਼ ਭੇਜੀ : ਬਰਸਟ ਪਟਿਆਲਾ-ਸਮਾਣਾ-ਪਾਤੜਾਂ ਮਾਰਗ 6 ਲੇਨ ਕਰਨ ਦੀ ਤਜਵੀਜ਼ ਭੇਜੀ: ਬਰਸਟ
Publish Date: Sat, 31 Oct 2026 05:40 PM (IST)
Updated Date: Sat, 31 Oct 2026 05:43 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਟਿਆਲਾ-ਸਮਾਣਾ-ਪਾਤੜਾਂ ਕਾਰੀਡੋਰ (ਸਟੇਟ ਹਾਈਵੇਅ-10), ਜਿਸ ਦੀ ਲੰਬਾਈ ਲਗਭਗ 48.53 ਕਿਲੋਮੀਟਰ ਹੈ, ਨੂੰ ਮੌਜੂਦਾ ਦੋ ਲੇਨ ਤੋਂ ਬਦਲ ਕੇ 6 ਲੇਨ ਡਿਵਾਈਡਿਡ ਹਾਈਵੇਅ ਵਿੱਚ ਅੱਪਗ੍ਰੇਡ ਕਰਨ ਦੀ ਮੰਗ ਕਰਦਿਆਂ ਇਸ ਦੀ ਵਿਸਤ੍ਰਿਤ ਰਿਪੋਰਟ ਅਤੇ ਪ੍ਰਪੋਜਲ ਬਣਾ ਦੇ ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਹੈ। ਚੇਅਰਮੈਨ ਬਰਸਟ ਨੇ ਦੱਸਿਆ ਕਿ ਇਹ ਕਾਰੀਡੋਰ ਪਟਿਆਲਾ, ਸਮਾਣਾ, ਘੱਗਾ ਅਤੇ ਪਾਤੜਾਂ ਸਮੇਤ ਨੇੜਲੇ ਦਰਜਨਾਂ ਪਿੰਡਾਂ, ਖੇਤੀਬਾੜੀ ਖੇਤਰਾਂ, ਪ੍ਰਮੁੱਖ ਅਨਾਜ ਮੰਡੀਆਂ, ਵਿੱਦਿਅਕ ਅਦਾਰਿਆਂ ਅਤੇ ਵਪਾਰਕ ਕੇਂਦਰਾਂ ਨੂੰ ਜੋੜਦਾ ਹੈ। ਇਸ ਖੇਤਰ ਵਿੱਚ 20 ਤੋਂ ਵੱਧ ਪ੍ਰਮੁੱਖ ਅਨਾਜ ਮੰਡੀਆਂ, ਲਗਭਗ 150 ਚਾਵਲ ਮਿੱਲਾਂ ਅਤੇ 30 ਸਪਿਨਿੰਗ ਮਿੱਲਾਂ ਦੀਆਂ ਗਤੀਵਿਧੀਆਂ ਇਸ ਸੜਕ ਨਾਲ ਜੁੜੀਆਂ ਹੋਈਆਂ ਹਨ। ਅਜਿਹੇ ਵਿੱਚ ਸੜਕ ਦੀ ਸਮਰੱਥਾ ਵਿੱਚ ਵਾਧਾ ਕਰਨ ਨਾਲ ਕਿਸਾਨਾਂ, ਵਪਾਰੀਆਂ, ਉਦਯੋਗਿਕ ਇਕਾਈਆਂ ਅਤੇ ਆਮ ਲੋਕਾਂ ਨੂੰ ਲੰਬੇ ਸਮੇਂ ਵਿੱਚ ਲਾਭ ਮਿਲੇਗਾ। ਉਨ੍ਹਾਂ ਨੇ ਸੜਕ ਸੁਰੱਖਿਆ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਡਿਵਾਈਡਰ ਨਾ ਹੋਣ ਕਾਰਨ ਸਾਹਮਣੇ ਤੋਂ ਹੁੰਦੀਆਂ ਟੱਕਰਾਂ, ਗਲਤ ਓਵਰਟੇਕਿੰਗ, ਤੇਜ਼ ਰਫ਼ਤਾਰ, ਪੈਦਲ ਚੱਲਣ ਵਾਲਿਆਂ, ਸਕੂਲੀ ਬੱਚਿਆਂ ਦੀ ਆਵਾਜਾਈ, ਖੇਤੀਬਾੜੀ ਮਸ਼ੀਨਰੀ ਅਤੇ ਸੜਕ ਕਿਨਾਰੇ ਵਧਦੀਆਂ ਵਪਾਰਕ ਗਤੀਵਿਧੀਆਂ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਘੱਗਾ ਦੇ ਨੇੜੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸਵੇਅ ਨਾਲ ਸਿੱਧਾ ਜੰਕਸ਼ਨ ਬਣਨ ਨਾਲ ਇਸ ਰੋਡ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਇਹ ਸੜਕ ਹੁਣ ਐਕਸਪ੍ਰੈੱਸਵੇਅ ਲਈ ਪ੍ਰਮੁੱਖ ਫੀਡਰ ਰੂਟ ਦਾ ਕੰਮ ਕਰ ਰਹੀ ਹੈ, ਜਿਸ ਕਰਕੇ ਇਸ ਨੂੰ 6 ਲੇਨ ਬਣਾਉਣਾ ਅਤਿ ਜ਼ਰੂਰੀ ਹੋ ਗਿਆ ਹੈ ਤਾਂ ਜੋ ਟਰੈਫਿਕ ਜਾਮ ਦੀ ਸਥਿਤੀ ਤੋਂ ਬਚਿਆ ਜਾ ਸਕੇ। ਬਰਸਟ ਨੇ ਦੱਸਿਆ ਕਿ ਤਕਨੀਕੀ ਰਿਪੋਰਟ ਅਨੁਸਾਰ ਇਸ ਪ੍ਰੋਜੈਕਟ ਲਈ ਕਰੀਬ 1,250 ਕਰੋੜ ਦੀ ਸ਼ੁਰੂਆਤੀ ਲਾਗਤ ਦਾ ਅਨੁਮਾਨ ਹੈ। ਪ੍ਰਪੋਜ਼ਲ ਵਿੱਚ ਮੋੜਾਂ ਨੂੰ ਸੁਧਾਰਨ, ਫਲਾਈਓਵਰ, ਅੰਡਰਪਾਸ, ਸਰਵਿਸ ਰੋਡ, ਮੀਡੀਅਨ ਅਤੇ ਸਕੂਲ ਜ਼ੋਨਾਂ ਵਿੱਚ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਕਰਨ ਦੀ ਤਜਵੀਜ਼ ਰੱਖੀ ਗਈ ਹੈ।