ਸ਼ਹੀਦੀਆਂ ਕਾਰਨ ਗੁਰਧਾਮ ਸਿੱਖ ਪੰਥ ਦੇ ਹੱਥਾਂ ’ਚ ਆਏ : ਪ੍ਰੋ ਬਡੂੰਗਰ
ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਦਿੱਤੀਆਂ ਸ਼ਹੀਦੀਆਂ ਕਾਰਨ ਗੁਰਧਾਮ ਸਿੱਖ ਪੰਥ ਦੇ ਹੱਥਾਂ ਵਿਚ ਆਏ : ਪ੍ਰੋ ਬਡੂੰਗਰ
Publish Date: Thu, 19 Feb 2026 04:56 PM (IST)
Updated Date: Thu, 19 Feb 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਨਨਕਾਣਾ ਸਾਹਿਬ ਸਾਕੇ ਦੌਰਾਨ ਆਪਣੀਆਂ ਕੀਮਤੀ ਜਾਨਾਂ ਦੇ ਕੇ ਸ਼ਹਾਦਤ ਦੇਣ ਵਾਲਿਆਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਗੁਰੂ ਘਰਾਂ ’ਤੇ ਕਾਬਜ਼ ਹੋਏ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ ਅਤੇ ਆਪਣੀਆਂ ਸ਼ਹਾਦਤਾਂ ਦੇ ਕੇ ਗੁਰਧਾਮਾਂ ਨੂੰ ਸਿੱਖ ਪੰਥ ਨੂੰ ਆਪਣੇ ਹੱਥਾਂ ਵਿਚ ਲਿਆ। ਪ੍ਰੋ. ਬਡੂੰਗਰ ਨੇ ਆਖਿਆ ਕਿ ਅੰਗਰੇਜ਼ਾਂ ਦੀ ਸ਼ਹਿ ’ਤੇ ਗੁਰਦੁਆਰਿਆਂ ਅੰਦਰ ਮਨਮਤ ਕਰਨ ਵਾਲੇ ਮਹੰਤਾਂ ਨੂੰ ਸਬਕ ਸਿਖਾਉਣ ਲਈ ਭਾਈ ਲਛਮਣ ਸਿੰਘ ਵਰਗਿਆਂ ਨੇ ਛੋਟੇ ਉਮਰ ਵਿਚ ਆਪਣੀ ਸ਼ਹਾਦਤ ਦਿੱਤੀ, ਜਿਸ ਨੂੰ ਕਦੇ ਵੀ ਅਣਡਿੱਠ ਕਰਕੇ ਨਹੀਂ ਵੇਖਿਆ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਸ਼ਹੀਦੀਆਂ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥ ਵਿਚ ਆਇਆ ਅਤੇ ਵੰਡ ਤੋਂ ਬਾਅਦ ਇਹ ਗੁਰਧਾਮ ਪਾਕਿਸਤਾਨ ਵਿਚ ਰਹਿ ਗਿਆ ਅਤੇ ਅਰਦਾਸ ਵਿਚ ਅੱਜ ਹਰ ਸਿੱਖ ਖੁੱਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਚਮੀ ਦਾ ਦਿਹਾੜਾ 22 ਫਰਵਰੀ ਨੂੰ ਆ ਰਿਹਾ, ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਪੰਚਮੀ ਦਾ ਦਿਹਾੜਾ ਨਨਕਾਣਾ ਸਾਹਿਬ ਦੇ ਸਾਕੇ ਨੂੰ ਸਮਰਪਿਤ ਹੋਵੇਗਾ।