- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿੰਸੀਪਲ ਵਿਜੈ ਕਪੂਰ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿੱਖਿਆ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਸਮਰਪਣ, ਮਿਹਨਤ, ਅਗਵਾਈ ਤੇ ਨਵੀਨਤਾਕਾਰੀ ਉਪਰਾਲਿਆਂ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਵਿਜੈ ਕਪੂਰ, ਪ੍ਰਿੰਸੀਪਲ, ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮਲਟੀਪਰਪਜ਼), ਪਟਿਆਲਾ ਨੂੰ ਰਾਜ ਅਧਿਆਪਕ ਪੁਰਸਕਾਰ–2026 ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਿੰਸੀਪਲ ਵਿਜੈ ਕਪੂਰ ਨੇ ਆਪਣੀ ਅਧਿਆਪਨ ਸੇਵਾ ਦੀ ਸ਼ੁਰੂਆਤ 1 ਮਾਰਚ 1996 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਸਤਪੁਰ (ਗੁਰਦਾਸਪੁਰ) ਵਿਖੇ ਲੈਕਚਰਾਰ ਵਜੋਂ ਕੀਤੀ। ਹੁਣ 21 ਨਵੰਬਰ 2022 ਤੋਂ ਉਹ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼, ਪਟਿਆਲਾ ਵਿਖੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪ੍ਰਿੰਸੀਪਲ ਵਿਜੈ ਕਪੂਰ ਦੀ ਅਗਵਾਈ ਹੇਠ ਪੰਜ ਸਾਲਾਂ ਵਿਚ 5 ਵਿਦਿਆਰਥੀਆਂ ਨੇ ਐੱਨਐੱਮਐੱਮਐੱਸ, 1 ਨੇ ਐੱਨਟੀਐੱਸਈ, 27 ਨੇ ਮੈਰੀਟੋਰੀਅਸ ਸਕੂਲ, 72 ਨੇ ਸਕੂਲ ਆਫ ਐਮੀਨੈਂਸ ਅਤੇ 12 ਨੇ ਜੇਈਈ ਪ੍ਰੀਖਿਆ ਕੁਆਲੀਫਾਈ ਕੀਤੀ। ਖੇਡਾਂ ਵਿਚ ਸਕੂਲ ਦੀ ਵਿਲੱਖਣ ਪਛਾਣ ਵਿਜੈ ਕਪੂਰ ਦੀ ਅਗਵਾਈ ਹੇਠ ਸਕੂਲ ਨੇ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਵਿਦਿਆਰਥੀ ਵਿਕਾਸ ਦਾ ਅਹਿਮ ਹਿੱਸਾ ਬਣਾਇਆ। ਪੰਜ ਸਾਲਾਂ ਦੇ ਅੰਕੜਿਆਂ ਅਨੁਸਾਰ 424 ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ ਵਿਚ ਭਾਗ ਲਿਆ ਤੇ 313 ਰਾਜ ਪੱਧਰੀ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ 99 ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਭਾਗ ਲਿਆ ਅਤੇ 17 ਰਾਸ਼ਟਰੀ ਤਮਗੇ ਪ੍ਰਾਪਤ ਕੀਤੇ। ਪ੍ਰਿੰਸੀਪਲ ਵਿਜੈ ਕਪੂਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਨਮਾਨ ਸਿਰਫ ਮੇਰਾ ਨਹੀਂ ਬਲਕਿ ਸਮੁੱਚੇ ਸਟਾਫ ਦਾ ਹੈ। ਜਿਨਾਂ ਵੱਲੋਂ ਕਰਵਾਈ ਜਾਂਦੀ ਮਿਹਨਤ ਸਦਕਾ ਹੀ ਸਕੂਲ ਦੇ ਵਿਦਿਆਰਥੀ ਪੜ੍ਹਾਈ ਅਤੇ ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ। ਇਸ ਲਈ ਸਮੂਹ ਸਟਾਫ ਮੈਂਬਰ ਵੀ ਵਧਾਈ ਦੇ ਹੱਕਦਾਰ ਹਨ।