ਪ੍ਰਿੰ. ਅਮਨਦੀਪ ਕੌਰ ਐਵਾਰਡ ਨਾਲ ਸਨਮਾਨਿਤ ਪ੍ਰਿੰਸੀਪਲ ਅਮਨਦੀਪ ਕੌਰ ਐਮਐਸਆਈ ਫੈਲੋ ਐਵਾਰਡ-2026 ਨਾਲ ਸਨਮਾਨਿਤ
Publish Date: Sat, 31 Oct 2026 04:01 PM (IST)
Updated Date: Sun, 01 Nov 2026 04:02 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੂੰ ਮਾਈਕੋਲੋਜੀਕਲ ਸੋਸਾਇਟੀ ਆਫ਼ ਇੰਡੀਆ ਵੱਲੋਂ ਉਨ੍ਹਾਂ ਦੇ ਅਕਾਦਮਿਕ ਅਤੇ ਖੋਜ ਕਾਰਜਾਂ ਦੀ ਮਾਨਤਾ ਵਜੋਂ ਐਮਐਸਆਈ ਫੈਲੋ ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਮਦੁਰਾਈ ਕਾਮਰਾਜ ਯੂਨੀਵਰਸਿਟੀ, ਮਦੁਰਾਈ (ਤਾਮਿਲਨਾਡੂ) ਵਿਖੇ ਬੀਤੇ ਦਿਨੀਂ ਕਰਵਾਈ ਤਿੰਨ-ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਈਕੋਲੋਜੀਕਲ ਸੁਸਾਇਟੀ ਆਫ਼ ਇੰਡੀਆ ਵੱਲੋਂ ਦੇਸ਼ ਭਰ ਵਿੱਚੋਂ ਚੁਣੇ ਗਏ ਛੇ ਵਿਦਵਾਨਾਂ ਨੂੰ ਇਹ ਫੈਲੋ ਐਵਾਰਡ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚ ਡਾ. ਅਮਨਦੀਪ ਕੌਰ ਨੂੰ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਹੋਇਆ। ਕਾਨਫਰੰਸ ਦਾ ਮੁੱਖ ਵਿਸ਼ਾ ਖੇਤੀਬਾੜੀ, ਜੈਵ-ਤਕਨਾਲੋਜੀ, ਉਦਯੋਗ ਤੇ ਸਿਹਤ ਦੇ ਖੇਤਰਾਂ ਵਿੱਚ ਉੱਲੀ-ਵਿਭਿੰਨਤਾ ਦੀ ਵਰਤੋਂ ਸੀ। ਇਸ ਮੌਕੇ ਡਾ. ਅਮਨਦੀਪ ਕੌਰ ਨੇ “ਗੋਬਰ ’ਤੇ ਉੱਗਣ ਵਾਲੀਆਂ ਉੱਲੀਆਂ ਦੀ ਆਰਥਿਕ ਮਹੱਤਤਾ, ਵਾਤਾਵਰਣ ਭੂਮਿਕਾ, ਵਰਗੀਕਰਨ ਅਤੇ ਜੈਵਿਕ ਪਦਾਰਥਾਂ ਦੇ ਵਿਘਟਨ ਤੇ ਪੌਸ਼ਟਿਕ ਤੱਤਾਂ ਦੀ ਮੁੜ-ਵਰਤੋਂ ਵਿੱਚ ਉਨ੍ਹਾਂ ਦੇ ਯੋਗਦਾਨ” ਵਿਸ਼ੇ ’ਤੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਇਸ ਰਾਸ਼ਟਰੀ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਲਗਭਗ 170 ਪ੍ਰੋਫੈਸਰਾਂ, ਪ੍ਰਿੰਸੀਪਲਾਂ ਅਤੇ ਅਕਾਦਮਿਕ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਨੇ ਉੱਲੀ-ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜਾਂ, ਵਿਗਿਆਨਕ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਉੱਲੀ-ਵਿਭਿੰਨਤਾ ਦੇ ਵਿਹਾਰਕ ਮਹੱਤਵ ਬਾਰੇ ਵਿਚਾਰ-ਵਟਾਂਦਰੇ ਲਈ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਕਾਨਫਰੰਸ ਦੇ ਹਿੱਸੇ ਵਜੋਂ ਭਾਗੀਦਾਰ ਵਿਗਿਆਨੀਆਂ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਡਾ. ਏਪੀਜੇ ਅਬਦੁਲ ਕਲਾਮ ਦੀ ਜਨਮ-ਭੂਮੀ ਰਾਮੇਸ਼ਵਰਮ ਅਤੇ ਕੁਦਰਤੀ ਸੁੰਦਰਤਾ ਲਈ ਪ੍ਰਸਿੱਧ ਧਨੁਸ਼ਕੋਡੀ ਦਾ ਦੌਰਾ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਮੀਨਾਕਸ਼ੀ ਅੰਮਨ ਮੰਦਰ, ਮਦੁਰਾਈ ਦੇ ਦਰਸ਼ਨ ਕਰਨ ਦਾ ਮੌਕਾ ਵੀ ਮਿਲਿਆ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਇਸ ਪ੍ਰਾਪਤੀ ਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸਮੂਹ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਫ਼ਖ਼ਰ ਮਹਿਸੂਸ ਕਰਦਿਆਂ ਆਖਿਆ ਕਿ ਅਜਿਹੀਆਂ ਅਕਾਦਮਿਕ ਅਤੇ ਖੋਜ-ਸਬੰਧੀ ਪ੍ਰਾਪਤੀਆਂ ਨਾਲ਼ ਜਿੱਥੇ ਅਕਾਲ ਸੰਸਥਾ ਦਾ ਮਾਣ ਵੱਧਦਾ ਹੈ ਉੱਥੇ ਹੀ ਭਵਿੱਖ ਵਿੱਚ ਹੋਰ ਫ਼ੈਕਲਟੀ ਮੈਂਬਰਾਂ ਨੂੰ ਅਕਾਦਮਿਕ ਕਾਰਜਾਂ ਵਿੱਚ ਅਹਿਮ ਯੋਗਦਾਨ ਦੀ ਪ੍ਰੇਰਣਾ ਵੀ ਮਿਲਦੀ ਹੈ।