- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੀਆਂ ਸਰਕਾਰਾਂ ਨੇ ਦਿਵਿਆਂਗਜਨਾਂ ’ਤੇ ਨਹੀਂ ਵਰਤਿਆ ਪੁਲਿਸ ਬਲ: ਮੋਰਚਾ

ਕਰਮਵੀਰ ਸਿੰਘ ਮਰਦਾਂਪੁਰ ਪੰਜਾਬੀ ਜਾਗਰਣ, ਘਨੌਰ : ਸੰਯੁਕਤ ਦਿਵਿਆਂਗ ਮੋਰਚਾ ਦੇ ਆਗੂ ਓਮਕਾਰ ਸ਼ਰਮਾ ਸੋਗਲਪੁਰ ਨੇ ਧੂਰੀ ਵਿਖੇ ਆਪਣੇ ਹੱਕਾਂ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਦਿਵਿਆਂਗਜਨ ਆਗੂ ਲਾਭ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਪੁਲਿਸ ਵੱਲੋਂ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਦਿਵਿਆਂਗਜਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਰਹੇ ਹਨ। ਭਾਵੇਂ ਪਿਛਲੀਆਂ ਸਰਕਾਰਾਂ ਨੇ ਦਿਵਿਆਂਗਜਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪਿਆ, ਪਰ ਦਿਵਿਆਂਗਜਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਇਸ ਤਰ੍ਹਾਂ ਪੁਲਿਸ ਕਾਰਵਾਈ ਅਤੇ ਪਰਚੇ ਦਰਜ ਕਰਨ ਦੇ ਮਾਮਲੇ ਸਾਹਮਣੇ ਨਹੀਂ ਆਏ। ਓਮਕਾਰ ਸ਼ਰਮਾ ਨੇ ਕਿਹਾ ਕਿ ਧੂਰੀ ਵਿਖੇ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਲਾਭ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਪਰਚੇ ਦਰਜ ਕਰਨਾ ਤੇ ਧਰਨੇ ਨੂੰ ਜ਼ਬਰੀ ਖ਼ਤਮ ਕਰਵਾਉਣਾ ਦਿਵਿਆਂਗਜਨ ਵਰਗ ਦੇ ਲੋਕਤੰਤਰੀ ਹੱਕਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਭ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਦਰਜ ਕੀਤੇ ਪਰਚਿਆਂ ਨੂੰ ਰੱਦ ਕੀਤਾ ਜਾਵੇ, ਧਰਨੇ ਦੌਰਾਨ ਹੋਈ ਪੁਲਿਸ ਕਾਰਵਾਈ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦਿਵਿਆਂਗਜਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਸਮਾਂਬੱਧ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿਵਿਆਂਗਜਨਾਂ ਦੀ ਆਵਾਜ਼ ਨੂੰ ਦਬਾਉਣ ਦੀ ਬਜਾਏ ਸਰਕਾਰ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਇਨਸਾਫ਼ ਦੇਣਾ ਚਾਹੀਦਾ ਹੈ।