ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਤੇਜ਼, ਡੀਏਪੀ ਪ੍ਰਬੰਧ ਦੀ ਮੰਗ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਤੇਜ਼, ਡੀਏਪੀ ਪ੍ਰਬੰਧ ਦੀ ਮੰਗ
Publish Date: Wed, 05 Aug 2026 04:59 PM (IST)
Updated Date: Thu, 06 Aug 2026 04:02 AM (IST)
7 ਅਗਸਤ ਦੇ ਸੈਮੀਨਾਰ ਅਤੇ 1 ਸਤੰਬਰ ਤੋਂ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ, ਝੋਨੇ ਦੀ ਖਰੀਦ ਤੇ ਬਿਜਲੀ ਦੇ ਅੰਦਾਜ਼ਨ ਬਿੱਲਾਂ ਦੇ ਮੁੱਦੇ ਤੇ ਸਰਕਾਰ ਨੂੰ ਦਿੱਤੀ ਚੇਤਾਵਨੀ ਮੁਕੇਸ਼ ਸਿੰਗਲਾ ,ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਕਸ਼ਮੀਰ ਸਿੰਘ ਘਰਾਚੋ ਨੇ ਜਥੇਬੰਦੀ ਦੀ ਆਉਣ ਵਾਲੀ ਰਣਨੀਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਸੱਤ ਦਿਨਾਂ ਦਾ ਧਰਨਾ ਲਗਾਇਆ ਜਾਵੇਗਾ, ਜਿਸ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਸਮੇਤ ਸ਼ਾਮਲ ਕਰਨ ਲਈ ਡਿਊਟੀਆਂ ਲਾਈਆਂ ਗਈਆਂ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੀ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਦਾ ਹੁਣੇ ਤੋਂ ਹੀ ਯੋਗ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਝੋਨੇ ਦੀ ਖਰੀਦ ਲਈ ਵੀ ਪਹਿਲਾਂ ਤੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੌਰਾਨ ਘਰੇਲੂ ਬਿਜਲੀ ਬਿੱਲਾਂ ਦੇ ਮੁੱਦੇ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਬਿਜਲੀ ਵਿਭਾਗ ਅੰਦਾਜ਼ੇ ਦੇ ਬਿੱਲ ਭੇਜਣ ਦੀ ਬਜਾਏ ਮੀਟਰ ਰੀਡਿੰਗ ਦੇ ਆਧਾਰ ਤੇ ਹੀ ਬਿੱਲ ਜਾਰੀ ਕਰੇ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਕੱਟ ਕੇ ਹੀ ਖਪਤਕਾਰਾਂ ਨੂੰ ਬਿੱਲ ਭੇਜੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅੰਦਾਜ਼ੇ ਦੇ ਬਿੱਲਾਂ ਰਾਹੀਂ ਲੋਕਾਂ ਦੀ ਲੁੱਟ ਜਾਰੀ ਰਹੀ ਤਾਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰੇਗੀ। ਬਲਾਕ ਕਮੇਟੀ ਨੇ ਫ਼ੈਸਲਾ ਕੀਤਾ ਕਿ 1 ਸਤੰਬਰ ਦੇ ਧਰਨੇ ਤੋਂ ਪਹਿਲਾਂ ਸਾਰੇ ਪਿੰਡਾਂ ਵਿੱਚ ਵਿਸ਼ੇਸ਼ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਜਿੱਥੇ ਜਥੇਬੰਦੀ ਦੀਆਂ ਇਕਾਈਆਂ ਦੀ ਚੋਣ ਹੋਣੀ ਬਾਕੀ ਹੈ, ਉੱਥੇ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਜਿੱਥੇ ਨਵੇਂ ਮੈਂਬਰ ਜੋੜਨ ਦੀ ਲੋੜ ਹੋਵੇਗੀ, ਉੱਥੇ ਜਥੇਬੰਦੀ ਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ ਭਵਾਨੀਗੜ੍ਹ ਅਤੇ ਹਰਜਿੰਦਰ ਸਿੰਘ ਪਹਿਲੀ ਵਾਰ ਸ਼ਾਮਲ ਹੋਏ, ਦੋਵਾਂ ਨੇ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਇੱਛਾ ਪ੍ਰਗਟ ਕੀਤੀ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਜਥੇਬੰਦੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।