- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੇਮ ਸਿੰਘ ਨੇ ਡੀਪੀਈ ਵਜੋਂ ਅਹੁਦਾ ਸੰਭਾਲਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਾਭਾ : ਭਾਈ ਕਾਹਨ ਸਿੰਘ ਨਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਲੰਬੇ ਸਮੇਂ ਤੋਂ ਪੀਟੀਆਈ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰੇਮ ਸਿੰਘ ਨੂੰ ਸਿੱਖਿਆ ਵਿਭਾਗ ਵੱਲੋਂ ਤਰੱਕੀ ਦੇ ਕੇ ਡੀਪੀਈ ਨਿਯੁਕਤ ਕੀਤਾ ਗਿਆ ਹੈ। ਤਰੱਕੀ ਉਪਰੰਤ ਉਨ੍ਹਾਂ ਨੇ ਇਸੇ ਸਕੂਲ ਵਿਖੇ ਡੀਪੀਈ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਸਕੂਲ ਇੰਚਾਰਜ ਗੁਰਦੀਪ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਪਣੀ ਦੇਖ-ਰੇਖ ਹੇਠ ਅਹੁਦਾ ਸੰਭਾਲਣ ਦੀ ਰਸਮੀ ਕਾਰਵਾਈ ਪੂਰੀ ਕਰਵਾਈ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਮਿਹਨਤੀ, ਸਮਰਪਿਤ ਅਤੇ ਅਨੁਸ਼ਾਸਨ ਪਸੰਦ ਅਧਿਆਪਕ ਹਨ। ਉਨ੍ਹਾਂ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਚੰਗੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਜ਼ਿੰਮੇਵਾਰੀ ਨਾਲ ਸਕੂਲ ਦੀਆਂ ਖੇਡ ਗਤੀਵਿਧੀਆਂ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਵਿਦਿਆਰਥੀ ਸੂਬਾ ਤੇ ਰਾਸ਼ਟਰੀ ਪੱਧਰ ’ਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਸਮੂਹ ਸਟਾਫ਼ ਵੱਲੋਂ ਪ੍ਰੇਮ ਸਿੰਘ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਬਲਕਾਰ ਸਿੰਘ, ਮੰਜੂ ਵੱਧਵਾ, ਸ਼ਸ਼ੀ, ਚੰਦਰ ਕਲਾ, ਮਨਜਿੰਦਰ ਸਿੰਘ, ਸੁਰਜੀਤ ਸਿੰਘ, ਨਿਰਭੈ ਸਿੰਘ ਸਮੇਤ ਸਮੂਹ ਅਧਿਆਪਕ ਅਤੇ ਸਕੂਲ ਸਟਾਫ਼ ਹਾਜ਼ਰ ਸੀ। ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਪ੍ਰੇਮ ਸਿੰਘ ਨੇ ਸਕੂਲ ਇੰਚਾਰਜ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।