ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅੱਜ ਘਰ ਵਾਪਸੀ, ਸੁਖਬੀਰ ਸਿੰਘ ਬਾਦਲ ਪਟਿਆਲਾ ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਪਾਰਟੀ ’ਚ ਕਰਵਾਉਣਗੇ ਸ਼ਾਮਲ
ਜ਼ਿਕਰਯੋਗ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਹਿਜ਼ ਦੋ ਦਿਨ ਪਹਿਲਾਂ ਹੀ 'ਅਕਾਲੀ ਦਲ ਪੁਨਰ ਸੁਰਜੀਤ' ਪਾਰਟੀ ਨਾਲੋਂ ਆਪਣੇ ਸਾਰੇ ਨਾਤੇ ਤੋੜ ਲਏ ਸਨ। ਇਸ ਤੋਂ ਅਗਲੇ ਹੀ ਦਿਨ ਉਨ੍ਹਾਂ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਸੈਂਕੜੇ ਹਮਾਇਤੀਆਂ ਸਮੇਤ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਿਤਾ-ਪੁੱਤਰ ਦੇ ਲਗਾਤਾਰ ਹੋਏ ਅਸਤੀਫ਼ਿਆਂ ਤੋਂ ਬਾਅਦ ਹੀ ਇਹ ਚਰਚਾਵਾਂ ਤੇਜ਼ ਹੋ ਗਈਆਂ ਸਨ ਕਿ ਉਹ ਮੁੜ ਆਪਣੀ ਮੂਲ ਪਾਰਟੀ ’ਚ ਸ਼ਾਮਲ ਹੋਣਗੇ।
Publish Date: Fri, 06 Nov 2026 10:41 AM (IST)
Updated Date: Fri, 06 Nov 2026 10:45 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਜ ਰਸਮੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਜਾ ਰਹੇ ਹਨ।
ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼ੁੱਕਰਵਾਰ ਬਾਅਦ ਦੁਪਹਿਰ ਪਟਿਆਲਾ ਸਥਿਤ ਚੰਦੂਮਾਜਰਾ ਦੀ ਰਿਹਾਇਸ਼ ਵਿਖੇ ਖ਼ੁਦ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਹਿਜ਼ ਦੋ ਦਿਨ ਪਹਿਲਾਂ ਹੀ 'ਅਕਾਲੀ ਦਲ ਪੁਨਰ ਸੁਰਜੀਤ' ਪਾਰਟੀ ਨਾਲੋਂ ਆਪਣੇ ਸਾਰੇ ਨਾਤੇ ਤੋੜ ਲਏ ਸਨ। ਇਸ ਤੋਂ ਅਗਲੇ ਹੀ ਦਿਨ ਉਨ੍ਹਾਂ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਸੈਂਕੜੇ ਹਮਾਇਤੀਆਂ ਸਮੇਤ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਿਤਾ-ਪੁੱਤਰ ਦੇ ਲਗਾਤਾਰ ਹੋਏ ਅਸਤੀਫ਼ਿਆਂ ਤੋਂ ਬਾਅਦ ਹੀ ਇਹ ਚਰਚਾਵਾਂ ਤੇਜ਼ ਹੋ ਗਈਆਂ ਸਨ ਕਿ ਉਹ ਮੁੜ ਆਪਣੀ ਮੂਲ ਪਾਰਟੀ ’ਚ ਸ਼ਾਮਲ ਹੋਣਗੇ।
ਸੁਖਬੀਰ ਸਿੰਘ ਬਾਦਲ ਵੱਲੋਂ ਚੰਦੂਮਾਜਰਾ ਦੀ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਦਾ ਸਵਾਗਤ ਕਰਨ ਦੇ ਫ਼ੈਸਲੇ ਨੂੰ ਪੰਥਕ ਅਤੇ ਸਿਆਸੀ ਹਲਕਿਆਂ ਵਿੱਚ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਪ੍ਰਧਾਨ ਦੇ ਇਸ ਕਦਮ ਨਾਲ ਦੋਵਾਂ ਧਿਰਾਂ ਵਿਚਾਲੇ ਪਿਛਲੇ ਸਮੇਂ ਦੌਰਾਨ ਬਣੀ ਕੁੜੱਤਣ ਖ਼ਤਮ ਹੁੰਦੀ ਦਿਖਾਈ ਦੇ ਰਹੀ ਹੈ।
ਚੰਦੂਮਾਜਰਾ ਪਰਿਵਾਰ ਦੀ ਵਾਪਸੀ ਨਾਲ ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ ਅਤੇ ਮਾਲਵਾ ਖਿੱਤੇ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਿਆਸੀ ਬਲ ਮਿਲੇਗਾ। ਸਮਰਥਕਾਂ ’ਚ ਇਸ ਘਰ ਵਾਪਸੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਰਕਰ ਚੰਦੂਮਾਜਰਾ ਦੀ ਕੋਠੀ ਵਿਖੇ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ। ਸਿਆਸੀ ਮਾਹਿਰਾਂ ਮੁਤਾਬਕ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦਾ ਇਹ ਕਦਮ ਪਾਰਟੀ ਦੀ ਇਕਜੁੱਟਤਾ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ।