ਪੀਪੀਐੱਸ ਨਾਭਾ ਨੇ ਮੋਟਰਸਾਈਕਲ ਰੈਲੀ ਦੀ ਕੀਤੀ ਮੇਜ਼ਬਾਨੀ
ਪੀਪੀਐਸ ਨਾਭਾ ਨੇ ਆਰਮੀ ਕੋਰ ਆਫ਼ ਸਿਗਨਲਜ਼ ਵੱਲੋਂ ਆਯੋਜਿਤ ਮੋਟਰਸਾਈਕਲ ਰੈਲੀ ਦੀ ਕੀਤੀ ਮੇਜ਼ਬਾਨੀ
Publish Date: Mon, 23 Feb 2026 04:56 PM (IST)
Updated Date: Mon, 23 Feb 2026 04:58 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਆਰਮੀ ਕੋਰ ਆਫ਼ ਸਿਗਨਲਜ਼ ਦੇ 116ਵੇਂ ਸਥਾਪਨਾ ਦਿਵਸ ਦੀ ਯਾਦ ਵਿਚ ਇਕ ਮੋਟਰਸਾਈਕਲ ਰੈਲੀ ਸਾਬਕਾ ਸੈਨਿਕਾਂ ਅਤੇ ਯੁੱਧ ਨਾਇਕਾਂ ਦਾ ਸਨਮਾਨ ਕਰਨ ਅਤੇ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਨ ਲਈ ਪ੍ਰੇਰਿਤ ਕਰਨ ਲਈ ਚੱਲ ਰਹੀ ਹੈ। ਕਰਨਲ ਰਾਜੀਵ ਕੁਮਾਰ ਦੀ ਅਗਵਾਈ ’ਚ ਦਸ ਫੌਜ ਦੇ ਜਵਾਨਾਂ ਦੀ ਇਕ ਟੀਮ ਲਗਭਗ 2000 ਕਿਲੋਮੀਟਰ ਦੀ ਦੂਰੀ ਤੈਅ ਕਰ ਰਹੀ ਹੈ। ਇਹ ਰੈਲੀ 15 ਫਰਵਰੀ, 2026 ਨੂੰ ਦਿੱਲੀ ਤੋਂ ਸ਼ੁਰੂ ਹੋਈ ਸੀ, ਅਤੇ ਹਿਸਾਰ, ਮੰਡੀ ਡੱਬਵਾਲੀ, ਅਬੋਹਰ, ਅੰਮ੍ਰਿਤਸਰ, ਨਾਭਾ, ਚੰਡੀਗੜ੍ਹ ਅਤੇ ਦੇਹਰਾਦੂਨ ’ਚੋਂ ਲੰਘਦੀ ਹੋਈ ਮੇਰਠ ਵਿਖੇ ਸਮਾਪਤ ਹੋਵੇਗੀ। ਇਹ ਰੈਲੀ 21 ਫਰਵਰੀ, 2026 ਨੂੰ ਪੰਜਾਬ ਪਬਲਿਕ ਸਕੂਲ, ਨਾਭਾ ਪਹੁੰਚੀ। ਲੈਫਟੀਨੈਂਟ ਕਰਨਲ ਅਰਚਨਾ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੋਰ ਆਫ਼ ਸਿਗਨਲਜ਼ ਦੀ ਮਹੱਤਵਪੂਰਨ ਭੂਮਿਕਾ ਅਤੇ ਕਾਰਜਸ਼ੀਲਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਭਾਰਤੀ ਫੌਜ ਦੀ ਤਾਕਤ ਅਤੇ ਪੇਸ਼ੇਵਰਤਾ ਤੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਫੌਜ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਸਕੂਲ ਹੈੱਡਮਾਸਟਰ ਡਾ. ਡੀਸੀ ਸ਼ਰਮਾ ਨੇ ਟੀਮ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਟੀਮ ਦਾ ਧੰਨਵਾਦ ਪ੍ਰਗਟ ਕੀਤਾ।