ਪਾਵਰਕਾਮ ਦੀ ਛੱਤ ’ਤੇ ਚੜ੍ਹੇ ਮ੍ਰਿਤਕ ਦੇ ਆਸ਼ਰਿਤਾਂ ਨੇ ਅੱਗ ਲਾਉਣ ਦੀ ਦਿੱਤੀ ਧਮਕੀ ਪਾਵਰਕਾਮ ਦੀ ਛੱਤ ’ਤੇ ਚੜ੍ਹੇ ਮ੍ਰਿਤਕ ਦੇ ਆਸ਼ਰਿਤਾਂ ਨੇ ਅੱਗ ਲਗਾਉਣ ਦੀ ਦਿੱਤੀ ਧਮਕੀ
Publish Date: Tue, 13 Oct 2026 06:32 PM (IST)
Updated Date: Wed, 14 Oct 2026 04:06 AM (IST)
- ਦੂਜੇ ਦਿਨ ਵੀ ਛੱਤ ’ਤੇ ਡਟੇ, ਸਾਥੀਆਂ ਨੇ ਮੁੱਖ ਗੇਟ ਅੱਗੇ ਕੀਤਾ ਰੋਸ਼ ਪ੍ਰਦਰਸ਼ਨ ਫੋਟੋ 13ਪੀਟੀਐੱਲ- 39 ਪਰਗਟ ਸਿੰਘ, ਪੰਜਾਬੀ ਜਾਗਰਣ ਪਟਿਆਲਾ : ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਮੁੱਖ ਦਫ਼ਤਰ ਦੀ ਛੱਤ ’ਤੇ ਚੜ੍ਹੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੇ ਮੰਗਲਵਾਰ ਦੂਜੇ ਦਿਨ ਵੀ ਛੱਤ ’ਤੇ ਹੀ ਡਟੇ ਰਹਿੰਦਿਆ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗਾਂ ਨਾ ਮੰਨਣ ’ਤੇ ਰੋਸ ਵਜੋਂ ਅੱਗ ਲਗਾਉਣ ਦੀ ਧਮਕੀ ਦਿੱਤੀ, ਜਦੋਂਕਿ ਉਨ੍ਹਾਂ ਦੇ ਬਾਕੀ ਸਾਥੀਆਂ ਵੱਲੋਂ ਮੁੱਖ ਗੇਟ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਡੰਡੇ ’ਤੇ ਕੱਪੜਾ ਬੰਨ੍ਹ ਕੇ ਅੱਗ ਵੀ ਲਗਾਈ ਗਈ ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੇ ਉਨ੍ਹਾਂ ਦੇ ਸਾਥੀਆਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਉਹ ਖ਼ੁਦ ਨੂੰ ਅੱਗ ਲਗਾ ਲੈਣਗੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਨ ਗੇਟ ’ਤੇ ਧਰਨਾ ਪ੍ਰਦਰਸਨ ਕਰ ਰਹੇ ਆਸ਼ਰਿਤਾਂ ਤੋਂ ਰਸਤਾ ਖਾਲੀ ਕਰਵਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਧਰਨੇ ਦੇ ਦੂਜੇ ਦਿਨ ਵੀ ਮੈਨੇਜਮੈਂਟ ਜਾਂ ਸਰਕਾਰੀ ਨੁਮਾਇੰਦੇ ਵੱਲੋਂ ਕੋਈ ਸਾਰ ਨਹੀਂ ਲਈ ਗਈ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਛੱਤ ’ਤੇ ਚੜ੍ਹੇ ਇਨ੍ਹਾਂ ਆਸ਼ਰਿਤਾਂ ਵੱਲੋਂ ਕਿਸੇ ਵੀ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਛੱਤ ’ਤੇ ਚੜ੍ਹੇ ਸਾਥੀਆਂ ਤੱਕ ਨਹੀਂ ਜਾਣ ਦਿੱਤਾ ਗਿਆ। ਛੱਤ ’ਤੇ ਚੜ੍ਹੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ’ਚ ਹਰਪ੍ਰੀਤ ਕੌਰ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਮਹਿੰਦਰ ਸਿੰਘ, ਸੁਖਜੀਵਨ ਕੌਰ, ਪਤਰਸ, ਡੂੰਮ ਬਹਾਦਰ ਨੇ ਇੱਕ ਵੀਡਿਓ ਜਾਰੀ ਕਰਦਿਆ ਆਖਿਆ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੇ ਸਾਥੀਆਂ ਨਾਲ ਧੱਕਾ ਕਰ ਰਹੀ ਹੈ ਤੇ ਜੇਕਰ ਪੁਲਿਸ ਦਾ ਰਵੱਈਆ ਅਜਿਹਾ ਹੀ ਰਿਹਾ ਤਾਂ ਉਹ ਅੱਗ ਲਗਾ ਕੇ ਖੁਦਕੁਸ਼ੀ ਕਰ ਲੈਣਗੇ, ਜਿਸਦੀ ਜਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਜਦੋ ਤੱਕ ਨਿਯੁਕਤੀ ਪੱਤਰ ਨਹੀ ਮਿਲਦਾ ਓਹ ਛੱਤ ਤੋ ਹੇਠਾ ਨਹੀ ਉਤਰਨਗੇ। ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰੁਜਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ ਦੇ ਸਰਪਰਸਤ ਤੇ ਸਲਾਹਕਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਧਰਨੇ ਦੇ ਦੂਜੇ ਦਿਨ ਵੀ ਕੋਈ ਸੁਣਵਾਈ ਨਹੀਂ ਹੋਈ ਸਗੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਬਰੀ ਧਰਨਾ ਖਤਮ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਡੀਐੱਸਪੀ ਸਿਟੀ-1 ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਇਸ ਸਬੰਧੀ ਡੀਐਸਪੀ ਸਿਟੀ -1 ਸੰਜੀਵ ਸਿੰਗਲਾ ਨੇ ਆਖਿਆ ਕਿ ਇਨ੍ਹਾਂ ਦੇ ਇਲਜਾਮ ਬੇਬੁਨਿਆਦ ਹਨ ਤੇ ਪੁਲਿਸ ਲਾਅ ਐਂਡ ਆਰਡਰ ਹੀ ਠੀਕ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਲੈਣ ਦੀ ਇਜਾਜਤ ਨਹੀਂ ਹੈ।