ਮੁਸ਼ਕਿਲਾਂ ਦੀ ਦਲਦਲ 'ਚ ਫਸਿਆ ਪਾਵਰਕਾਮ! ਇੰਜੀਨੀਅਰ ਐਸੋਸੀਏਸ਼ਨ ਨੇ ਚੁੱਕੇ ਪ੍ਰਬੰਧਕੀ ਨੀਤੀਆਂ 'ਤੇ ਸਵਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਇਸ ਸਮੇਂ ਗੰਭੀਰ ਸੰਚਾਲਨ, ਮਨੁੱਖੀ ਸ਼ਕਤੀ (ਮੈਨਪਾਵਰ), ਆਈ.ਟੀ. ਅਤੇ ਐਚ.ਆਰ. (ਮਨੁੱਖੀ ਸਰੋਤ) ਸੰਕਟ ਨਾਲ ਜੂਝ ਰਹੀ ਹੈ। ਇਸ ਸਬੰਧੀ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਨੂੰ ਇੱਕ ਹੰਗਾਮੀ ਪੱਤਰ ਲਿਖ ਕੇ ਮੌਜੂਦਾ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਜਸਵੀਰ ਸਿੰਘ ਧੀਮਾਨ ਅਤੇ ਜਨਰਲ ਸਕੱਤਰ ਇੰਜੀ. ਅਜੇ ਪਾਲ ਸਿੰਘ ਅਟਵਾਲ ਵੱਲੋਂ ਭੇਜੇ ਗਏ ਇਸ ਪੱਤਰ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ
Publish Date: Thu, 16 Jul 2026 01:05 PM (IST)
Updated Date: Thu, 16 Jul 2026 01:08 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਇਸ ਸਮੇਂ ਗੰਭੀਰ ਸੰਚਾਲਨ, ਮਨੁੱਖੀ ਸ਼ਕਤੀ (ਮੈਨਪਾਵਰ), ਆਈ.ਟੀ. ਅਤੇ ਐਚ.ਆਰ. (ਮਨੁੱਖੀ ਸਰੋਤ) ਸੰਕਟ ਨਾਲ ਜੂਝ ਰਹੀ ਹੈ। ਇਸ ਸਬੰਧੀ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਨੂੰ ਇੱਕ ਹੰਗਾਮੀ ਪੱਤਰ ਲਿਖ ਕੇ ਮੌਜੂਦਾ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਜਸਵੀਰ ਸਿੰਘ ਧੀਮਾਨ ਅਤੇ ਜਨਰਲ ਸਕੱਤਰ ਇੰਜੀ. ਅਜੇ ਪਾਲ ਸਿੰਘ ਅਟਵਾਲ ਵੱਲੋਂ ਭੇਜੇ ਗਏ ਇਸ ਪੱਤਰ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਬੇਕਾਬੂ ਹੋ ਸਕਦੀ ਹੈ।ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਬਿਜਲੀ ਖੇਤਰ ਪ੍ਰਤੀ ਵਚਨਬੱਧ ਹੋਣ ਦੇ ਬਾਵਜੂਦ ਇੰਜੀਨੀਅਰਾਂ ਨੂੰ ਬਿਜਲੀ ਗੁੱਲ ਹੋਣ ਅਤੇ ਬਿਲਿੰਗ ਦੀਆਂ ਸਮੱਸਿਆਵਾਂ ਕਾਰਨ ਬਿਨਾਂ ਵਜ੍ਹਾ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਅਕਸਰ ਉਨ੍ਹਾਂ ਦੇ ਵੱਸ ਤੋਂ ਬਾਹਰ ਹੁੰਦੀਆਂ ਹਨ। ਬਿਜਲੀ ਪ੍ਰਣਾਲੀ ਦੀਆਂ ਗੰਭੀਰ ਰੁਕਾਵਟਾਂ, ਨਾਕਾਫ਼ੀ ਬੁਨਿਆਦੀ ਢਾਂਚੇ ਅਤੇ ਸਟਾਫ਼ ਦੀ ਭਾਰੀ ਘਾਟ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ। ਵੱਡੇ ਪੱਧਰ 'ਤੇ ਹੋ ਰਹੀਆਂ ਸੇਵਾਮੁਕਤੀਆਂ ਅਤੇ ਨਵੀਂ ਭਰਤੀ ਨਾ ਹੋਣ ਕਾਰਨ ਮੌਜੂਦਾ ਸਟਾਫ਼ 'ਤੇ ਬਹੁਤ ਜ਼ਿਆਦਾ ਬੋਝ ਪੈ ਰਿਹਾ ਹੈ।
ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਨਵੇਂ ਬਿਲਿੰਗ ਸੌਫਟਵੇਅਰ ਨੇ ਗੰਭੀਰ ਸੰਚਾਲਨ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ, ਜਿਸ ਨਾਲ ਸੰਸਥਾ ਦੀ ਵਿੱਤੀ ਸਥਿਤੀ 'ਤੇ ਮਾੜਾ ਅਸਰ ਪਿਆ ਹੈ। ਇਸ ਤੋਂ ਇਲਾਵਾ, ਪੀ.ਐਸ.ਪੀ.ਸੀ.ਐਲ. ਮੋਬਾਈਲ ਐਪਸ ਅਤੇ ਈ ਆਰ ਪੀ ਨਾਲ ਸਬੰਧਤ ਸਮੱਸਿਆਵਾਂ ਅਜੇ ਵੀ ਅਣਸੁਲਝੀਆਂ ਹਨ। 1912 ਕਾਲ ਸੈਂਟਰ ਵਿੱਚ ਸਟਾਫ਼ ਦੀ ਘਾਟ ਕਾਰਨ ਫੀਲਡ ਇੰਜੀਨੀਅਰਾਂ ਨੂੰ ਆਪਣੀ ਡਿਊਟੀ ਦੇ ਨਾਲ-ਨਾਲ ਖਪਤਕਾਰਾਂ ਦੀਆਂ ਕਾਲਾਂ ਵੀ ਸੁਣਨੀਆਂ ਪੈ ਰਹੀਆਂ ਹਨ, ਜੋ ਕਿ ਅਣਮਨੁੱਖੀ ਹੈ।
ਐਸੋਸੀਏਸ਼ਨ ਨੇ ਸਥਿਤੀ ਨੂੰ ਸੁਧਾਰਨ ਲਈ ਨੁਕਤੇ ਪੇਸ਼ ਕੀਤੇ ਹਨ ਕਿ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋੜੀਂਦੀ ਮੈਨਪਾਵਰ ਮੁਹੱਈਆ ਕਰਵਾਈ ਜਾਵੇ ਅਤੇ ਪਰਫਾਰਮੈਂਸ ਦੇ ਮਾਪਦੰਡਾਂ (SoP) ਨੂੰ ਲੈ ਕੇ ਨਾਜਾਇਜ਼ ਦਬਾਅ ਬਣਾਉਣਾ ਬੰਦ ਕੀਤਾ ਜਾਵੇ।ਗਲਤ ਬਿੱਲਾਂ ਲਈ ਪ੍ਰਾਈਵੇਟ ਆਈ.ਟੀ. ਵੈਂਡਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਸੌਫਟਵੇਅਰ ਦੀਆਂ ਖਾਮੀਆਂ ਲਈ ਫੀਲਡ ਅਫ਼ਸਰਾਂ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।ਆਈ.ਟੀ. ਨਾਲ ਸਬੰਧਤ ਸ਼ਿਕਾਇਤਾਂ ਦੇ ਹੱਲ ਲਈ ਸਮਾਂ ਸੀਮਾ ਤੈਅ ਕੀਤੀ ਜਾਵੇ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਸਟਾਫ਼ ਦੀ ਘਾਟ ਦੇ ਮੱਦੇਨਜ਼ਰ ਕਿਸੇ ਵੀ ਤਕਨੀਕੀ ਜਾਂ ਗੈਰ-ਤਕਨੀਕੀ ਕਰਮਚਾਰੀ ਨੂੰ ਗੈਰ-ਵਿਭਾਗੀ ਡਿਊਟੀਆਂ 'ਤੇ ਨਾ ਲਗਾਇਆ ਜਾਵੇ।ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਡਿਸਟ੍ਰੀਬਿਊਸ਼ਨ ਦਫ਼ਤਰਾਂ ਨੂੰ ਵਾਹਨ (ਗੱਡੀਆਂ) ਕਿਰਾਏ 'ਤੇ ਲੈਣ ਦੇ ਅਧਿਕਾਰ ਦਿੱਤੇ ਜਾਣ।
ਲੇਬਰ ਆਊਟਸੋਰਸਿੰਗ ਨੀਤੀ ਨੂੰ ਤਰਕਸੰਗਤ ਬਣਾਇਆ ਜਾਵੇ ਅਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਕਰਨ ਲਈ ਆਨਲਾਈਨ ਨਿਰੀਖਣ ਪ੍ਰਣਾਲੀ ਲਾਗੂ ਕੀਤੀ ਜਾਵੇ। ਹਫਤੇ ਦੇ ਅੰਤ, ਸਰਕਾਰੀ ਛੁੱਟੀਆਂ ਜਾਂ ਡਿਊਟੀ ਦੇ ਘੰਟਿਆਂ ਤੋਂ ਬਾਅਦ ਗੈਰ-ਜ਼ਰੂਰੀ ਮੀਟਿੰਗਾਂ ਅਤੇ ਡਾਟਾ ਇਕੱਠਾ ਕਰਨ ਦੇ ਕੰਮ ਬੰਦ ਕੀਤੇ ਜਾਣ। ਫੀਲਡ ਇੰਜੀਨੀਅਰਾਂ ਤੋਂ 24 ਘੰਟੇ ਕੰਮ ਲੈਣਾ ਅਸੰਭਵ ਹੈ, ਇਸ ਲਈ 1912 ਕਾਲ ਸੈਂਟਰ ਅਤੇ ਮੋਬਾਈਲ ਐਪ ਦੀ ਕਾਰਜਪ੍ਰਣਾਲੀ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ। ਸਟੋਰਾਂ ਵਿੱਚ ਸਮਾਨ ਦੀ ਭਾਰੀ ਘਾਟ ਕਾਰਨ ਨਵੇਂ ਕਨੈਕਸ਼ਨ ਦੇਣ ਅਤੇ ਖਰਾਬ ਟ੍ਰਾਂਸਫਾਰਮਰ ਬਦਲਣ ਵਿੱਚ ਦੇਰੀ ਹੋ ਰਹੀ ਹੈ, ਜਿਸ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇ।ਖਪਤਕਾਰਾਂ ਦੀ ਵਧਦੀ ਗਿਣਤੀ ਦੇ ਮੁਕਾਬਲੇ ਸਟਾਫ਼ ਦੇ ਪੁਰਾਣੇ ਨਿਯਮਾਂ ਦੀ ਸਮੀਖਿਆ ਕਰਕੇ ਨਵੀਂ ਰੇਸ਼ਨਲਾਈਜ਼ੇਸ਼ਨ (ਤਰਕਸੰਗਤ ਨੀਤੀ) ਤੁਰੰਤ ਲਾਗੂ ਕੀਤੀ ਜਾਵੇ। ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਬੰਧਕਾਂ ਨੇ ਇਨ੍ਹਾਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਬਿਜਲੀ ਸਪਲਾਈ ਪ੍ਰਣਾਲੀ ਨੂੰ ਬਹਾਲ ਰੱਖਣਾ ਮੁਸ਼ਕਿਲ ਹੋ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।