ਭੱਤੇ ਕੱਟਣ ਦੇ ਵਿਰੋਧ 'ਚ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੇ ਦਿੱਤਾ ਧਰਨਾ ਭੱਤੇ ਕੱਟਣ ਦੇ ਵਿਰੋਧ 'ਚ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੇ ਦਿੱਤਾ ਧਰਨਾ
Publish Date: Thu, 16 Jul 2026 06:30 PM (IST)
Updated Date: Fri, 17 Jul 2026 04:05 AM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਮਲੇਰਕੋਟਲਾ : ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਵੀਰਵਾਰ ਨੂੰ ਟੀਕਾਕਰਨ ਦਾ ਕੰਮ ਬੰਦ ਕਰਕੇ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਵਰਕਰਾਂ ਨੇ ਸਰਕਾਰ ਅਤੇ ਐਨਐਚਐਮ. ਪ੍ਰਬੰਧਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੱਟੇ ਗਏ ਭੱਤੇ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਕੌਰ ਖਾਨਪੁਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਬਰਾਬਰ ਕੰਮ, ਬਰਾਬਰ ਤਨਖ਼ਾਹ ਦਾ ਲਾਭ ਦਿੱਤਾ ਗਿਆ ਹੈ, ਪਰ ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਅਕਾਊਂਟ ਅਫ਼ਸਰਾਂ ਵੱਲੋਂ ਵਰਦੀ ਭੱਤਾ ਅਤੇ ਟੂਰ ਭੱਤਾ ਕੱਟ ਦਿੱਤਾ ਗਿਆ ਹੈ, ਜਿਸ ਦਾ ਹਾਈ ਕੋਰਟ ਦੇ ਹੁਕਮਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਕੰਟਰੈਕਟ ਮੁਲਾਜ਼ਮ ਪਿਛਲੇ 17-18 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ, ਪਰ ਅਜੇ ਵੀ ਉਨ੍ਹਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਂਗ ਹਾਊਸ ਰੈਂਟ, ਮੋਬਾਈਲ ਭੱਤਾ ਅਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। 2019 ਤੋਂ ਮਿਲ ਰਹੇ ਵਰਦੀ ਅਤੇ ਟੂਰ ਭੱਤੇ ਵੀ ਹੁਣ ਕੱਟ ਲਏ ਗਏ ਹਨ, ਜੋ ਨਿਆਂਸੰਗਤ ਨਹੀਂ। ਯੂਨੀਅਨ ਆਗੂਆਂ ਨੇ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਆਪਣੇ ਸੈਂਟਰਾਂ ਤੋਂ ਬਾਹਰ ਪਿੰਡ-ਪਿੰਡ ਜਾ ਕੇ ਟੀਕਾਕਰਨ ਅਤੇ ਹੋਰ ਸਿਹਤ ਸੇਵਾਵਾਂ ਦੇਣੀਆਂ ਪੈਂਦੀਆਂ ਹਨ। ਅਜਿਹੇ ਵਿੱਚ ਟੂਰ ਭੱਤਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ। ਇਸ ਮਾਮਲੇ ਨੂੰ ਪੈਨਲ ਮੀਟਿੰਗਾਂ ਦੌਰਾਨ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ, ਪਰ ਕੋਈ ਹੱਲ ਨਾ ਨਿਕਲਣ ਕਾਰਨ ਸੰਘਰਸ਼ ਦਾ ਰਾਹ ਅਪਣਾਉਣਾ ਪਿਆ। ਯੂਨੀਅਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੱਟੇ ਗਏ ਭੱਤੇ ਬਹਾਲ ਨਹੀਂ ਕੀਤੇ ਜਾਂਦੇ, ਉਦੋਂ ਤੱਕ ਟੀਕਾਕਰਨ ਮੁਹਿੰਮ ਅਤੇ ਸੈਂਟਰਾਂ ਤੋਂ ਬਾਹਰ ਲੱਗਣ ਵਾਲੇ ਸਿਹਤ ਕੈਂਪਾਂ ਦਾ ਬਾਈਕਾਟ ਜਾਰੀ ਰਹੇਗਾ। ਵਰਕਰ ਸਿਰਫ਼ ਆਪਣੇ ਡਿਊਟੀ ਸੈਂਟਰਾਂ ਤੇ ਹੀ ਸੇਵਾਵਾਂ ਨਿਭਾਉਣਗੇ। ਇਸ ਨਾਲ ਹੋਣ ਵਾਲੀ ਕਿਸੇ ਵੀ ਅਸੁਵਿਧਾ ਦੀ ਜ਼ਿੰਮੇਵਾਰੀ ਐਨਐਚਐਮ ਪੰਜਾਬ ਅਤੇ ਸਬੰਧਤ ਜ਼ਿਲ੍ਹਾ ਅਕਾਊਂਟ ਅਧਿਕਾਰੀਆਂ ਦੀ ਹੋਵੇਗੀ। ਧਰਨੇ ਵਿੱਚ ਪਵਨਦੀਪ ਕੌਰ, ਜਸਵਿੰਦਰ ਕੌਰ, ਵਿਵੇਕ, ਨਸਰੀਨ, ਮਨਪ੍ਰੀਤ ਕੌਰ, ਮਨਦੀਪ ਕੌਰ, ਨਿੰਦਰਪਾਲ ਕੌਰ, ਅਮਰਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਮਹਿਲਾ ਹੈਲਥ ਵਰਕਰ ਹਾਜ਼ਰ ਸਨ।