ਸੁਨਾਮ ’ਚ ਸੇਵਾ ਕੇਂਦਰ ਦੀ ਬੱਤੀ ਗੁੱਲ, ਲੋਕ ਪਰੇਸ਼ਾਨ ਸੁਨਾਮ ’ਚ ਸੇਵਾ ਕੇਂਦਰ ਦੀ ਬੱਤੀ ਗੁੱਲ, ਲੋਕ ਪ੍ਰੇਸ਼ਾਨ
Publish Date: Thu, 16 Jul 2026 04:35 PM (IST)
Updated Date: Fri, 17 Jul 2026 04:01 AM (IST)
ਰਾਜਿੰਦਰ ਦੀਪਾ ਨੇ ਮੌਕੇ ’ਤੇ ਜਾਕੇ ਚੁੱਕਿਆ ਮੁੱਦਾ, ਦੀਪਾ ਦੀ ਮੌਜੂਦਗੀ ’ਚ ਡੀਜ਼ਲ ਲਿਆਕੇ ਚਲਾਇਆ ਜਨਰੇਟਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਕੋਰਟ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਵਿੱਚ ਬਿਜਲੀ ਨਾ ਹੋਣ ਕਾਰਨ ਕੰਮਕਾਜ ਕਰਵਾਉਣ ਆਏ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਤਮਜ਼ਰੀਫੀ ਇਹ ਵੀ ਰਹੀ ਡੀਜ਼ਲ ਨਾ ਹੋਣ ਕਰਕੇ ਜਨਰੇਟਰ ਵੀ ਬੰਦ ਪਿਆ ਹੈ। ਉਕਤ ਵਰਤਾਰੇ ਦੀ ਸੂਚਨਾ ਮਿਲਦਿਆਂ ਵੀਰਵਾਰ ਨੂੰ ਸੁਨਾਮ ਦੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਮੌਕੇ ’ਤੇ ਜਾਕੇ ਦੇਖਿਆ ਤਾਂ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਸਨ। ਸੇਵਾ ਕੇਂਦਰ ਵਿੱਚ ਕੰਮਾਂ ਲਈ ਆਏ ਲੋਕ ਬਾਹਰ ਦਰਖ਼ਤਾਂ ਹੇਠ ਬੈਠੇ ਦਿਖਾਈ ਦਿੱਤੇ। ਦੱਸ ਦੇਈਏ ਕੁੱਝ ਦਿਨ ਪਹਿਲਾਂ ਸੁਨਾਮ ਦੇ ਰੋਜ਼ ਗਾਰਡਨ ’ਚ ਸਥਿਤ ਸੇਵਾ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਸੀ। ਸਰਕਾਰੀ ਅਦਾਰਿਆਂ ’ਚ ਬਿਜਲੀ ਦੇ ਮੀਟਰ ਪ੍ਰੀਪੇਡ ਲੱਗੇ ਹੋਣ ਕਾਰਨ ਪੈਸੇ ਖ਼ਤਮ ਹੁੰਦਿਆਂ ਬਿਜਲੀ ਸਪਲਾਈ ਆਪਣੇ ਆਪ ਡਿਸਕਨੈਕਟ ਹੋ ਜਾਂਦੀ ਹੈ। ਆਗੂ ਰਾਜਿੰਦਰ ਦੀਪਾ ਨੇ ਆਖਿਆ ਕਿ ਸੇਵਾ ਕੇਂਦਰਾਂ ’ਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਗਰਲੀਆਂ ਸਰਕਾਰਾਂ ਵੱਲੋਂ ਜਨਤਾ ਦੀ ਖੱਜਲ ਖ਼ੁਆਰੀ ਰੋਕਣ ਲਈ ਪੰਜਾਬ ਅੰਦਰ ਸੇਵਾ ਕੇਂਦਰ ਖੋਲ੍ਹੇ ਗਏ ਸਨ ਲੇਕਿਨ ਮੌਜੂਦਾ ਸਰਕਾਰ ਦੇ ਰਾਜ ਦੌਰਾਨ ਬਿਜਲੀ ਦੇ ਬਿੱਲ ਅਦਾ ਨਾ ਕਰਨ ਕਰਕੇ ਬਿਜਲੀ ਸਪਲਾਈ ਬੰਦ ਹੋ ਰਹੀ ਹੈ ਉਂਜ ਉਨ੍ਹਾਂ ਆਖਿਆ ਕਿ ਬੇਸ਼ੱਕ ਸੇਵਾ ਕੇਂਦਰ ਦਾ ਬਿਜਲੀ ਬਿੱਲ ਠੇਕੇਦਾਰ ਨੇ ਅਦਾ ਕਰਨਾ ਹੈ ਲੇਕਿਨ ਜਨਤਾ ਦੀ ਖੱਜਲ ਖ਼ੁਆਰੀ ਰੋਕਣ ਲਈ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਸਿਤਮ ਦੀ ਗੱਲ ਇਹ ਵੀ ਹੈ ਕਿ ਸੇਵਾ ਕੇਂਦਰਾਂ ’ਚ ਲੱਗੇ ਜਨਰੇਟਰ ਡੀਜ਼ਲ ਨਾ ਹੋਣ ਕਰਕੇ ਬੰਦ ਪਏ ਹਨ, ਉਂਜ ਕਾਂਗਰਸੀ ਆਗੂ ਰਾਜਿੰਦਰ ਦੀਪਾ ਦੇ ਸੇਵਾ ਕੇਂਦਰ ’ਚ ਪਹੁੰਚਣ ਤੋਂ ਬਾਅਦ ਡੀਜ਼ਲ ਲਿਆਕੇ ਜਨਰੇਟਰ ਚਾਲੂ ਕੀਤਾ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਲੋਕਾਂ ਨੂੰ ਘਰ ਬੈਠੇ ਸੁਵਿਧਾਵਾਂ ਦੇਣ ਦੇ ਦਾਅਵੇ ਕਰ ਰਹੀ ਹੈ ਲੇਕਿਨ ਹਕੀਕਤ ਅਸਲ ਤੋਂ ਕੋਹਾਂ ਦੂਰ ਹੈ। ਰਾਜਿੰਦਰ ਦੀਪਾ ਨੇ ਦੱਸਿਆ ਕਿ ਸੇਵਾ ਕੇਂਦਰ ’ਚ ਕੰਮਕਾਜ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੰਮ ਲਈ ਕਈ ਗੇੜੇ ਲਾਉਣੇ ਪੈਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬੇ ਦੀ ਸਰਕਾਰ ਸੇਵਾ ਕੇਂਦਰਾਂ ਵਿੱਚ ਬਿਜਲੀ ਦੇ ਬਿੱਲ ਸਮੇਤ ਹੋਰ ਘਾਟਾਂ ਨੂੰ ਦੂਰ ਕਰਨ ਨੂੰ ਯਕੀਨੀ ਬਣਾਵੇ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਵੇ।