ਥਾਂ-ਥਾਂ ਤੋਂ ਟੁੱਟ ਰਹੀਆਂ ਬਿਜਲੀ ਤਾਰਾਂ ਲੋਕਾਂ ਲਈ ਬਣਿਆ ਖੌਫ ਥਾਂ-ਥਾਂ ਤੋਂ ਟੁੱਟ ਰਹੀਆਂ ਬਿਜਲੀ ਤਾਰਾਂ ਲੋਕਾਂ ਲਈ ਬਣੀਆਂ ਖੌਫ
Publish Date: Fri, 17 Jul 2026 04:08 PM (IST)
Updated Date: Sat, 18 Jul 2026 04:01 AM (IST)
ਤਾਰ ਟੁੱਟਣ ਨਾਲ ਕਾਲਾਬੂਲਾ ਪਿੰਡ ਦੀ ਬਿਜਲੀ ਰਹੀ ਬੰਦਗਰਮੀ ’ਚ ਲੋਕਾਂ ਨੇ ਕੱਟੀ ਪਰੇਸ਼ਾਨੀ ਭਰੀ ਰਾਤ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਬਿਜਲੀ ਪ੍ਰਬੰਧ ’ਚ ਸੁਧਾਰ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਪਿੰਡਾਂ ’ਚ ਪੁਰਾਣੀਆਂ ਤੇ ਜਰਜਰ ਬਿਜਲੀ ਤਾਰਾਂ ਲੋਕਾਂ ਲਈ ਮੁਸੀਬਤ ਬਣੀਆਂ ਹੋਈਆਂ ਹਨ। ਪਿਛਲੇ ਦਿਨੀਂ ਰਾਤ ਸਮੇਂ ਪਿੰਡ ਕਾਲਾਬੂਲਾ ’ਚ ਬਿਜਲੀ ਦੇ ਖੰਭੇ ਤੋਂ ਮੁੱਖ ਤਾਰ ਟੁੱਟ ਜਾਣ ਕਾਰਨ ਪਿੰਡ ਦੇ ਕਈ ਹਿੱਸਿਆਂ ਦੀ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਵਿੱਚ ਪੂਰੀ ਰਾਤ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਕਈ ਸਾਲ ਪੁਰਾਣੀਆਂ ਤਾਰਾਂ ਪਾਈਆਂ ਹੋਈਆਂ ਹਨ, ਜੋ ਹੁਣ ਜਰਜਰ ਹੋ ਚੁੱਕੀਆਂ ਹਨ। ਵਿਭਾਗ ਵੱਲੋਂ ਨਵੀਆਂ ਤਾਰਾਂ ਪਾਉਣ ਦੀ ਬਜਾਏ ਸਿਰਫ਼ ਛੋਟੇ-ਮੋਟੇ ਜੋੜ ਲਾ ਕੇ ਕੰਮ ਚਲਾਇਆ ਜਾ ਰਿਹਾ ਹੈ। ਇਸ ਕਾਰਨ ਅਕਸਰ ਤਾਰਾਂ ਟੁੱਟਣ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇੱਕ ਹੀ ਖੰਭੇ ਤੋਂ ਕਈ ਘਰਾਂ ਨੂੰ ਕਨੈਕਸ਼ਨ ਦਿੱਤੇ ਹੋਏ ਹਨ, ਜਿਸ ਕਾਰਨ ਤਾਰਾਂ ਤੇ ਲੋਡ ਕਾਫ਼ੀ ਵੱਧ ਜਾਂਦਾ ਹੈ। ਗਰਮੀ ਦੇ ਮੌਸਮ ਵਿੱਚ ਏਅਰ ਕੰਡੀਸ਼ਨਰਾਂ ਅਤੇ ਹੋਰ ਬਿਜਲੀ ਉਪਕਰਨਾਂ ਦੀ ਵਰਤੋਂ ਵਧਣ ਨਾਲ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਪਿੰਡ ਦੇ ਨੌਜਵਾਨ ਆਗੂ ਸੰਦੀਪ ਸਿੰਘ, ਜਗਤਾਰ ਸਿੰਘ ਜੱਗੀ, ਪੰਚਾਇਤ ਮੈਂਬਰ ਮਨਦੀਪ ਸਿੰਘ, ਕਾਲਾ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਇਸ ਖੇਤਰ ਵਿੱਚ ਨਵਾਂ ਟਰਾਂਸਫਾਰਮਰ ਲਾਉਣ ਅਤੇ ਬਿਜਲੀ ਪ੍ਰਬੰਧ ਮਜ਼ਬੂਤ ਕਰਨ ਲਈ ਬੇਨਤੀ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਕਿ ਜਰਜਰ ਹੋ ਚੁੱਕੀਆਂ ਬਿਜਲੀ ਤਾਰਾਂ ਨੂੰ ਤੁਰੰਤ ਬਦਲਿਆ ਜਾਵੇ, ਇੱਕ ਖੰਭੇ ਤੇ ਵੱਧ ਗਿਣਤੀ ਵਿੱਚ ਦਿੱਤੇ ਕਨੈਕਸ਼ਨਾਂ ਨੂੰ ਵੱਖ-ਵੱਖ ਕੀਤਾ ਜਾਵੇ ਅਤੇ ਵਧਦੇ ਲੋਡ ਨੂੰ ਦੇਖਦਿਆਂ ਨਵਾਂ ਟਰਾਂਸਫਾਰਮਰ ਲਾਇਆ ਜਾਵੇ। ਲਮਕਦੀਆਂ ਤਾਰਾਂ ਤੇ ਨੰਗੇ ਜੋੜ ਲੋਕਾਂ ਲਈ ਬਣੇ ਸਿਰਦਰਦੀ ਪਿੰਡ ਵਿੱਚ ਬਿਜਲੀ ਦੀਆਂ ਨੰਗੀਆਂ ਤਾਰਾਂ ਅਤੇ ਲਮਕਦੇ ਜੋੜ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣੇ ਹੋਏ ਹਨ। ਬਰਸਾਤ ਜਾਂ ਤੇਜ਼ ਹਵਾ ਦੌਰਾਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਨ੍ਹਾਂ ਕਾਰਨ ਕਰੰਟ ਲੱਗਣ ਨਾਲ ਇਨਸਾਨਾਂ ਅਤੇ ਪਸ਼ੂਆਂ ਦੀ ਜਾਨ ਵੀ ਜਾ ਸਕਦੀ ਹੈ। ਵਿਭਾਗ ਨੂੰ ਚਾਹੀਦਾ ਹੈ ਕਿ ਨੰਗੀਆਂ ਤਾਰਾਂ ਨੂੰ ਤੁਰੰਤ ਬਦਲ ਕੇ ਸੁਰੱਖਿਅਤ ਕੇਬਲਾਂ ਲਾਈਆਂ ਜਾਣ। ਸਮੱਸਿਆ ਦਾ ਕਰਾਂਗੇ ਜਲਦ ਹੱਲ : ਐੱਸਡੀਓ ਇਸ ਮਾਮਲੇ ਸਬੰਧੀ ਪਾਵਰਕਾਮ ਦਫਤਰ ਸ਼ੇਰਪੁਰ ਇੱਕ ਦੇ ਐਸਡੀਓ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਨੰਗੇ ਜੋੜਾਂ ਦੀਆਂ ਤਾਰਾਂ ਦੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ ਅਤੇ ਬਾਕੀ ਟਰਾਂਸਫਾਰਮਰ ਲਈ ਲੋਡ ਚੈੱਕ ਕਰਵਾ ਲਿਆ ਜਾਵੇਗਾ।