ਹਾਈਵੇ ਤੇ ਡਿੱਗੀ ਬਿਜਲੀ ਤਾਰ, ਟ੍ਰੈਫਿਕ ਹੋਇਆ ਜਾਮ ਹਾਈਵੇ ਤੇ ਡਿੱਗੀ ਬਿਜਲੀ ਤਾਰ, ਟ੍ਰੈਫਿਕ ਹੋਇਆ ਜਾਮ
Publish Date: Wed, 07 Oct 2026 03:44 PM (IST)
Updated Date: Thu, 08 Oct 2026 04:02 AM (IST)
ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਪਿੰਡ ਤੋਲੇਵਾਲ ਨੇੜੇ ਅਚਾਨਕ ਕੁਰਕਸ਼ੇਤਰ-ਮਾਲੇਰਕੋਟਲਾ 400 ਕੇਵੀ ਬਿਜਲੀ ਲਾਈਨ ਦੀ ਤਾਰ ਟੁੱਟ ਕੇ ਸੜਕ ’ਤੇ ਡਿੱਗਣ ਕਾਰਨ ਹਾਈਵੇ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਲਗਭਗ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਹਾਈਵੇ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਹਾਦਸੇ ਤੋਂ ਬਾਅਦ ਜਿੱਥੇ ਵੱਡੇ ਵਾਹਨ ਸੜਕ ’ਤੇ ਫਸੇ ਰਹੇ, ਉੱਥੇ ਕੁਝ ਛੋਟੇ ਵਾਹਨਾਂ ਦੇ ਚਾਲਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਤਾਰ ਦੇ ਹੇਠੋਂ ਲੰਘਦੇ ਰਹੇ। ਇਸ ਕਾਰਨ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਵੀ ਬਣਿਆ ਰਿਹਾ। ਹਾਈਵੇ ’ਤੇ ਲੱਗੇ ਜਾਮ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਪੁੱਜੇ ਐਸਡੀਓ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ 400 ਕੇਵੀ ਬਿਜਲੀ ਲਾਈਨ ਇੱਕ ਪ੍ਰਾਈਵੇਟ ਕੰਪਨੀ ਦੇ ਅਧੀਨ ਆਉਂਦੀ ਹੈ। ਲਾਈਨ ਸੜਕ ’ਤੇ ਡਿੱਗਣ ਸਬੰਧੀ ਕੰਪਨੀ ਦੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਦੌਰਾਨ ਡੀਐਸਪੀ ਅਮਰਗੜ੍ਹ ਸੰਜੀਵ ਕਪੂਰ ਅਤੇ ਐਸਐਚਓ ਅਮਰਗੜ੍ਹ ਨਵਦੀਪ ਕੌਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਭਾਰੀ ਮੁਸ਼ੱਕਤ ਕਰਦਿਆਂ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਅਤੇ ਰਾਹਗੀਰਾਂ ਨੂੰ ਸੁਰੱਖਿਅਤ ਢੰਗ ਨਾਲ ਲੰਘਾਉਣ ਦੇ ਯਤਨ ਕੀਤੇ ਗਏ, ਜਿਸ ਤੋਂ ਬਾਅਦ ਆਵਾਜਾਈ ਨੂੰ ਹੌਲੀ-ਹੌਲੀ ਸੁਚਾਰੂ ਬਣਾਇਆ ਗਿਆ। ਜਾਮ ਵਿੱਚ ਫਸੇ ਬੱਸ ਚਾਲਕਾਂ ਅਤੇ ਕੰਡਕਟਰਾਂ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਆਵਾਜਾਈ ਬੰਦ ਰਹਿਣ ਕਾਰਨ ਉਨ੍ਹਾਂ ਦੇ ਕਈ ਗੇੜੇ ਮਿਸ ਹੋ ਜਾਣਗੇ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਰਾਹਗੀਰਾਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਤੁਰੰਤ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਲੰਬੇ ਸਮੇਂ ਤੱਕ ਜਾਮ ਵਿੱਚ ਨਾ ਫਸਣਾ ਪਵੇ। ਕਾਫ਼ੀ ਦੇਰ ਬਾਅਦ ਸਬੰਧਤ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਹੇਠ ਟੁੱਟੀ ਹੋਈ ਬਿਜਲੀ ਦੀ ਤਾਰ ਨੂੰ ਜੋੜਿਆ ਅਤੇ ਵਾਹਨਾਂ ਦੀ ਆਵਾਜਾਈ ਮੁੜ ਆਮ ਹੋ ਸਕੀ ਅਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ।