- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਲਸਾ ਕਾਲਜ ਪਟਿਆਲਾ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜੀਐੱਸ ਐੱਸਡੀਜੀਐੱਸ ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਰਚਨਾਤਮਕਤਾ, ਤਰਕਸ਼ੀਲ ਸੋਚ ਅਤੇ ਗਣਿਤਿਕ ਧਾਰਨਾਵਾਂ ਦੀ ਸਮਝ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਗਣਿਤ ਵਰਗੇ ਗੰਭੀਰ ਵਿਸ਼ੇ ਨੂੰ ਕਲਾਤਮਕ ਰੂਪ ਵਿੱਚ ਪੇਸ਼ ਕਰਨ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕਰਨਾ ਸੀ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਰੋਚਕ ਵਿਸ਼ਿਆਂ ਜਿਵੇਂ ’ਹਰ ਚੀਜ਼ ਦੇ ਪਿੱਛੇ ਗਣਿਤ’, ’ਅਨੰਤ - ਇੱਕ ਅੰਤਹੀਣ ਧਾਰਨਾ’, ’ਅੰਕਾਂ ਦਾ ਜਾਦੂ’, ’ਪਾਈ - ਸਭ ਤੋਂ ਪ੍ਰਸਿੱਧ ਗਣਿਤਿਕ ਸਥਿਰ ਅੰਕ’, ’ਗਣਿਤ ਅਤੇ ਡਾਟਾ ਸਾਇੰਸ’, ਅਤੇ ’ਗਣਿਤ: ਸੋਚਣ ਦੀ ਕਲਾ’ ’ਤੇ ਆਪਣੇ ਵਿਚਾਰ ਪੋਸਟਰਾਂ ਰਾਹੀਂ ਪ੍ਰਗਟ ਕਰਨ ਦਾ ਮੌਕਾ ਦਿੱਤਾ ਗਿਆ। ਮੁਕਾਬਲੇ ਵਿੱਚ ਕੁੱਲ 17 ਟੀਮਾਂ ਦੇ 27 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਦੇ ਜੱਜ ਦੀ ਭੂਮਿਕਾ ਡਾ. ਰਵਿੰਦਰਜੀਤ ਸਿੰਘ ਬਰਸਰ ਅਤੇ ਡਿਪਟੀ ਚੀਫ਼ ਕੰਟਰੋਲਰ ਪ੍ਰੀਖਿਆਵਾਂ ਨੇ ਨਿਭਾਈ। ਬੀ.ਐਸ.ਸੀ. (ਆਨਰਜ਼) ਗਣਿਤ ਭਾਗ-3 ਦੀ ਵਰਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ.ਐਸ.ਸੀ. (ਸੀ.ਐਸ.ਐਮ.) ਭਾਗ-3 ਦੇ ਆਯੂਸ਼ ਵਰਮਾ ਅਤੇ ਹਰਜੋਤ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਬੀ.ਐਸ.ਸੀ. (ਸੀ.ਐਸ.ਐਮ.) ਭਾਗ-3 ਦੀ ਰਿਤਿਕਾ ਅਤੇ ਐਮ.ਐਸ.ਸੀ. ਗਣਿਤ ਭਾਗ-1 ਦੀ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਸਮਾਗਮ ਗਣਿਤ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਰਚਨਾਤਮਕ ਰੁਚੀ ਪੈਦਾ ਹੁੰਦੀ ਅਤੇ ਉਹ ਆਪਣੇ ਪਾਠਕ੍ਰਮ ਨੂੰ ਹੋਰ ਵੀ ਰੌਚਕ ਢੰਗ ਨਾਲ ਸਮਝਣ ਦੇ ਯੋਗ ਹੁੰਦੇ ਹਨ। ਇਹ ਸਮਾਗਮ ਵਿਦਿਆਰਥੀਆਂ ਲਈ ਗਣਿਤ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਅਹਿਮਿਅਤ ਨੂੰ ਸਮਝਣ ਅਤੇ ਆਪਣੀ ਕਲਪਨਾ ਸ਼ਕਤੀ ਨੂੰ ਪ੍ਰਗਟ ਕਰਨ ਦਾ ਇੱਕ ਬਹੁਤ ਹੀ ਸਫਲ ਯਤਨ ਸਾਬਤ ਹੋਇਆ।