ਕਿਸੇ ਪੋਲਟਰੀ ਫਾਰਮਰ ਨੇ ਨਹੀਂ ਲਿਆ ਲਾਇਸੈਂਸ : ਚੇਅਰਮੈਨ ਧਮੌਲੀ ਕਿਸੇ ਪੋਲਟਰੀ ਫਾਰਮਰ ਨੇ ਨਹੀਂ ਲਿਆ ਲਾਇਸੰਸ -ਚੇਅਰਮੈਨ ਧਮੌਲੀ
Publish Date: Tue, 17 Nov 2026 05:55 PM (IST)
Updated Date: Tue, 17 Nov 2026 05:57 PM (IST)
-- ਮੰਡੀ ਬੋਰਡ ਨੂੰ ਲੰਮੇ ਸਮੇਂ ਤੋਂ ਲੱਗ ਰਿਹਾ ਲੱਖਾਂ ਰੁਪਏ ਦੀ ਮਾਰਕੀਟ ਫੀਸ ਦਾ ਚੂਨਾ ਫੋਟੋ 17ਪੀਟੀਐੱਲ-18 ਐੱਚਐੱਸ ਸੈਣੀ,• ਪੰਜਾਬੀ ਜਾਗਰਣ,• ਰਾਜਪੁਰਾ : ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਆਪਣੇ ਦਫਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ’ਚ ਨਵਾਂ ਅਤੇ ਵੱਡਾ ਖੁਲਾਸਾ ਕੀਤਾ ਹੈ। ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਰਾਜਪੁਰਾ ਅਧੀਨ 88 ਪਿੰਡ ਆਉਂਦੇ ਹਨ। ਜਿਹੜੇ ਪਿੰਡਾਂ ਵਿਚ ਵੀ ਪੋਲਟਰੀ ਫਾਰਮ ਹਨ, ਉਨ੍ਹਾਂ ਨੂੰ ਖੇਤੀ ਉਪਜ ਜਿਵੇਂ ਮੱਕੀ, ਕਣਕ,ਬਾਜਰਾ,ਜਵਾਰ,ਜੋ ਕਿ ਮੁਰਗੀਆਂ ਨੂੰ ਫੀਡ ਦੇਣ ਲਈ ਵਰਤੀ ਜਾਂਦੀ ਹੈ, ਦੀ ਖਰੀਦ ਅਤੇ ਭੰਡਾਰਨ ਲਈ ਮੰਡੀ ਬੋਰਡ ਦੇ ਐਕਟ ਦੀ ਧਾਰਾ 10 ਤਹਿਤ ਮਾਰਕੀਟ ਕਮੇਟੀ ਤੋਂ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਇਸ ਸਬੰਧੀ ਪਤਾ ਕੀਤਾ ਤਾਂ ਪਤਾ ਲੱਗਾ ਕਿ ਰਾਜਪੁਰਾ ਦੇ ਕਿਸੇ ਵੀ ਪੋਲਟਰੀ ਫਾਰਮ ਨੇ ਮਾਰਕੀਟ ਕਮੇਟੀ ਤੋਂ ਫੀਡ ਲਈ ਵਰਤੀ ਜਾਣ ਵਾਲੀ ਜਿਨਸ ਦੀ ਖਰੀਦ ਦਾ ਤੇ ਭੰਡਾਰਨ ਦਾ ਕੋਈ ਲਾਇਸੈਂਸ ਹੀ ਨਹੀਂ ਲਿਆ,ਜਿਸ ਨਾਲ ਮਾਰਕੀਟ ਕਮੇਟੀ ਨੂੰ ਹਰ ਮਹੀਨੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਧਮੌਲੀ ਨੇ ਦੱਸਿਆ ਕਿ ਮੱਕੀ ਦੀ ਖਰੀਦ ਤੇ 1 ਫੀਸਦ ਮਾਰਕੀਟ ਫੀਸ ਅਤੇ 2 ਫੀਸਦ ਦਿਹਾਤੀ ਵਿਕਾਸ ਫੰਡ, ਬਾਜਰਾ,ਜੌਂ ਤੇ ਜਵਾਰ ਤੇ 3 ਫ਼ੀਸਦੀ ਮਾਰਕੀਟ ਫੀਸ ਅਤੇ 3 ਫ਼ੀਸਦੀ ਦਿਹਾਤੀ ਵਿਕਾਸ ਫੰਡ ਵਸੂਲ ਕੀਤਾ ਜਾਂਦਾ ਹੈ ਪਰ ਪੋਲਟਰੀ ਫਾਰਮ ਵਾਲਿਆਂ ਵੱਲੋਂ ਲਾਇਸੰਸ ਨਾ ਲਏ ਹੋਣ ਕਾਰਨ ਇਨ੍ਹਾਂ ਵੱਲੋਂ ਅਜੇ ਤੱਕ ਮਾਰਕੀਟ ਕਮੇਟੀ ਕੋਲ ਇੱਕ ਪੈਸਾ ਵੀ ਮਾਰਕੀਟ ਫ਼ੀਸ ਦੇ ਰੂਪ ਵਿੱਚ ਜਮ੍ਹਾਂ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮਹਿਤਾ ਪੋਲਟਰੀ ਫਾਰਮ, ਪਹਿਰ, ਆਰ ਕੇ ਪੋਲਟਰੀ ਫਾਰਮ, ਪਬਰੀ, ਐਸਕੇ ਪੋਲਟਰੀ ਫਾਰਮ, ਬਠੌਣੀਆਂ,ਪਰਫੈਕਟ ਪੋਲਟਰੀ ਫਾਰਮ ਬਠੌਣੀਆਂ ਕਲਾ, ਮਲਹੋਤਰਾ ਪੋਲਟਰੀ ਫਾਰਮ ਬਠੌਣੀਆਂ, ਮਯੂਰ ਪੋਲਟਰੀ ਫਾਰਮ ਬਠੌਣੀਆਂ ਅਤੇ ਗੋਲਡਨ ਪੋਲਟਰੀ ਫਾਰਮ ਖਾਨਪੁਰ ਭੋਗਲਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 3 ਦਿਨਾਂ ਦੇ ਅੰਦਰ ਅੰਦਰ ਮਾਰਕੀਟ ਕਮੇਟੀ ਤੋਂ ਲਾਇਸੈਂਸ ਲੈਣ ਦਾ ਸਮਾਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇ ਫਾਰਮ ਵਾਲਿਆਂ ਨੇ ਤਿੰਨ ਦਿਨਾਂ ਵਿੱਚ ਮਾਰਕੀਟ ਕਮੇਟੀ ਕੋਲੋਂ ਲਾਇਸੈਂਸ ਲੈ ਕੇ ਬਣਦੀ ਫੀਸ ਜਮ੍ਹਾਂ ਨਾ ਕਰਵਾਈ ਤਾਂ ਉਨ੍ਹਾਂ ਦੇ ਵਿਰੁੱਧ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਉਨ੍ਹਾਂ ਤੋਂ ਬਣਦੀ ਫੀਸ ਦੇ ਨਾਲ ਨਾਲ ਬਣਦਾ ਜ਼ੁਰਮਾਨਾ ਵੀ ਲਿਆ ਜਾਵੇਗਾ। ਇਸ ਮੌਕੇ ਆਪ ਆਗੂ ਮਨੀਸ਼ ਸੂਦ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਕੀਰਤ ਸਿੰਘ ਸੇਹਰਾ ਵੀ ਮੌਜੂਦ ਸਨ।