ਸਨੌਰ ਦੀ ਸਿਆਸਤ ’ਚ ਨਵਾਂ ਮੋੜ: ਪਹਿਲਾਂ ਸੁਲਾਹ-ਸਫ਼ਾਈਆਂ, ਫਿਰ ਅੱਖਾਂ ਦਿਖਾਈਆਂ ਸਨੌਰ ਦੀ ਸਿਆਸਤ ’ਚ ਨਵਾਂ ਮੋੜ: ਪਹਿਲਾਂ ਸੁਲਾਹ-ਸਫ਼ਾਈਆਂ, ਫਿਰ ਅੱਖਾਂ ਦਿਖਾਈਆਂ
Publish Date: Thu, 09 Jul 2026 07:25 PM (IST)
Updated Date: Fri, 10 Jul 2026 04:07 AM (IST)
ਵਾਇਰਲ ਵੀਡੀਓ ਮਗਰੋਂ ਪ੍ਰਧਾਨ ਦਾ ਵਿਧਾਇਕ ’ਤੇ ਪਲਟਵਾਰ ਫੋਟੋ : 09ਪੀਟੀਐਲ : 33 ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਹਲਕਾ ਸਨੌਰ ’ਚ ਆਮ ਆਦਮੀ ਪਾਰਟੀ ਦੀ ਅੰਦਰੂਨੀ ਸਿਆਸਤ ’ਚ ਉਬਾਲ ਆ ਗਿਆ ਹੈ। ਬੀਤੇ ਦਿਨੀਂ ਸੁਲਾਹ-ਸਫ਼ਾਈ ਵਾਲੇ ਰੌਂਅ ’ਚ ਦਿਖਾਈ ਦੇਣ ਵਾਲੀ ਸਿਆਸਤ ਨੇ ਹੁਣ ਇਕ ਨਵਾਂ ਮੋੜ ਲੈ ਲਿਆ ਹੈ। ਇਕ ਦਿਨ ਪਹਿਲਾਂ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ’ਚ ਬੋਲਣ ਵਾਲੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਹੁਣ ਇਕ ਵੀਡੀਓ ਜਾਰੀ ਕਰ ਕੇ ਵਿਧਾਇਕ ’ਤੇ ਗੰਭੀਰ ਦੋਸ਼ ਲਗਾਏ ਹਨ। ਪ੍ਰਧਾਨ ਨੇ ਵਿਧਾਇਕ ਉੱਤੇ ਧੱਕੇਸ਼ਾਹੀ ਕਰਨ, ਉਨ੍ਹਾਂ ਦੀ ਕੁਰਸੀ ’ਤੇ ਜ਼ਬਰਦਸਤੀ ਬੈਠਣ ਅਤੇ ਧਮਕਾਉਣ ਦੇ ਦੋਸ਼ ਲਗਾਉਂਦਿਆਂ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ। ਨਗਰ ਕੌਂਸਲ ਪ੍ਰਧਾਨ ਨੇ ਵਿਧਾਇਕ ਨੂੰ ਬੀਤੇ ਦਿਨ ਹੋਈ ਗੱਲਬਾਤ ਦੀ ਪੂਰੀ ਵੀਡੀਓ ਲੋਕਾਂ ਸਾਹਮਣੇ ਰੱਖਣ ਦੀ ਗੱਲ ਕਹੀ ਹੈ। ਦੂਸਰੇ ਪਾਸੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੂਰੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਦਾ ਦੱਸ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਹ ਹੈ ਪੂਰਾ ਮਾਮਲਾ ਦਰਅਸਲ, ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਵਿਧਾਇਕ ਪਠਾਣਮਾਜਰਾ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ’ਤੇ ਬੈਠੇ ਦਿਖਾਈ ਦੇ ਰਹੇ ਸਨ, ਜਦੋਂਕਿ ਪ੍ਰਧਾਨ ਜੋਸ਼ਨ ਉਨ੍ਹਾਂ ਦੇ ਬਰਾਬਰ ਬੈਠੇ ਸਨ। ਵੀਡੀਓ ਵਿੱਚ ਜੋਸ਼ਨ ਇਹ ਕਹਿੰਦੇ ਸੁਣੇ ਗਏ ਸਨ ਕਿ ‘‘ਜੇਕਰ ਮੈਨੂੰ ਪ੍ਰਧਾਨ ਬਣਾਇਆ ਹੈ, ਤਾਂ ਹਰਮੀਤ ਸਿੰਘ ਪਠਾਣਮਾਜਰਾ ਨੇ ਹੀ ਬਣਾਇਆ ਹੈ। ਮੈਂ ਉਨ੍ਹਾਂ ਦੇ ਵਿਰੁੱਧ ਕਦੇ ਨਹੀਂ ਬੋਲਿਆ। ਉਨ੍ਹਾਂ ਦਾ ਮੇਰੇ ’ਤੇ ਅਹਿਸਾਨ ਹੈ ਅਤੇ ਜੇ ਅੱਜ ਮੈਨੂੰ ਪ੍ਰਧਾਨਗੀ ਛੱਡਣੀ ਪਵੇ, ਤਾਂ ਮੈਂ ਹੁਣੇ ਛੱਡਣ ਨੂੰ ਤਿਆਰ ਹਾਂ।’’ ਪਰ ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਹਲਕੇ ਦੀ ਸਿਆਸਤ ਗਰਮਾ ਗਈ, ਜਿਸ ਤੋਂ ਬਾਅਦ ਹੁਣ ਨਗਰ ਕੌਂਸਲ ਪ੍ਰਧਾਨ ਨੇ ਖੁਦ ਸਾਹਮਣੇ ਆ ਕੇ ਸਪਸ਼ਟੀਕਰਨ ਦਿੱਤਾ ਹੈ ਅਤੇ ਵਿਧਾਇਕ ਨਾਲੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ। ਪ੍ਰਧਾਨ ਪ੍ਰਦੀਪ ਜੋਸ਼ਨ ਦਾ ਪਲਟਵਾਰ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਵਿਧਾਇਕ ਧਿਰ ’ਤੇ ਸਿਆਸੀ ਹਿੱਤਾਂ ਲਈ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਵਾ ਜਾਂ ਡੇਢ ਮਿੰਟ ਦੀ ਵੀਡੀਓ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਪੂਰਾ ਸੱਚ ਨਹੀਂ ਹੈ। ਇਹ ਮਹਿਜ਼ ਇੱਕ ਛੋਟੀ ਜਿਹੀ ਕਲਿੱਪ ਹੈ, ਜਦੋਂਕਿ ਅਸਲ ਗੱਲਬਾਤ ਪੂਰੇ 35 ਤੋਂ 40 ਮਿੰਟ ਦੀ ਸੀ। ਜੋਸ਼ਨ ਨੇ ਬੀਤੇ ਦਿਨ ਦੀ ਘਟਨਾ ਬਾਰੇ ਦੱਸਿਆ ਕਿ ਉਹ ਕੌਂਸਲ ਦਫ਼ਤਰ ਵਿੱਚ ਕੌਂਸਲਰਾਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਅਹਿਮ ਚਰਚਾ ਕਰ ਰਹੇ ਸਨ। ਇਸੇ ਦੌਰਾਨ ਵਿਧਾਇਕ ਪਠਾਣਮਾਜਰਾ ਆਪਣੇ 5-7 ਸਮਰਥਕਾਂ ਨਾਲ ਉੱਥੇ ਧਮਕ ਗਏ ਅਤੇ ਆਉਂਦੇ ਹੀ ਪ੍ਰਧਾਨ ਦੀ ਕੁਰਸੀ ’ਤੇ ਬੈਠ ਗਏ। ਵਿਧਾਇਕ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਨਗਰ ਕੌਂਸਲ ਪ੍ਰਧਾਨ ਨੇ ਸਿੱਧਾ ਦੋਸ਼ ਲਗਾਇਆ ਕਿ ਵਿਧਾਇਕ ਉਨ੍ਹਾਂ ਦੇ ਦਫ਼ਤਰ ਵਿੱਚ ਕੌਂਸਲਰਾਂ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਮਕਸਦ ਨਾਲ ਆਏ ਸਨ। ਵਿਧਾਇਕ ਚਾਹੁੰਦੇ ਹਨ ਕਿ ਸ਼ਹਿਰ ਦੇ ਵਿਕਾਸ ਕਾਰਜ ਸਿਰਫ਼ ਉਨ੍ਹਾਂ ਦੀ ਮਰਜ਼ੀ ਅਤੇ ਇਸ਼ਾਰਿਆਂ ’ਤੇ ਹੀ ਕੀਤੇ ਜਾਣ। ਪ੍ਰਦੀਪ ਜੋਸ਼ਨ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਉਹ ਵਿਧਾਇਕ ਦੀ ਅਜਿਹੀ ਕਿਸੇ ਵੀ ਧਮਕੀ ਜਾਂ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ। ਇਸ ਘਟਨਾ ਤੋਂ ਬਾਅਦ ਸਨੌਰ ਵਿੱਚ ‘ਆਪ’ ਦੀ ਅੰਦਰੂਨੀ ਖੇਮੇਬਾਜ਼ੀ ਪੂਰੀ ਤਰ੍ਹਾਂ ਚੌਰਾਹੇ ਵਿੱਚ ਆ ਗਈ ਹੈ।