- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਖੋ-ਖੋ, ਕਬੱਡੀ ਤੇ ਜਿਮਨਾਸਟਿਕ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਇਆ ਦਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਪਟਿਆਲਾ ਵਿਖੇ ਰਾਜ ਪੱਧਰੀ ਖੋ-ਖੋ, ਕਬੱਡੀ ਅਤੇ ਜਿਮਨਾਸਟਿਕ ਦੇ ਮੁਕਾਬਲੇ ਜਾਰੀ ਹਨ। ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੋਲੋ ਗਰਾਊਂਡ ਪਟਿਆਲਾ ਦੇ ਜਿਮਨੇਜ਼ੀਅਮ ਹਾਲ ਵਿਖੇ ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ ਡਾ. ਗੁਰਦੀਪ ਕੌਰ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਐੱਸਪੀ ਪਰਮਜੀਤ ਕੌਰ, ਸਬ-ਇੰਸਪੈਕਟਰ ਜਸ਼ਨਦੀਪ ਕੌਰ, ਮੀਨਾਕਸ਼ੀ, ਚੀਫ਼ ਕੋਚ ਸਮਰਿਤੀ ਸ਼ਰਮਾ ਅਤੇ ਸਬ-ਇੰਸਪੈਕਟਰ ਪ੍ਰਭਜੋਤ ਬਾਜਵਾ ਵੀ ਹਾਜ਼ਰ ਸਨ। ਖੋ-ਖੋ ਦੇ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਸੰਗਰੂਰ ਨੇ ਫਾਜ਼ਿਲਕਾ ਨੂੰ ਛੇ ਸਕੋਰਾਂ ਨਾਲ ਹਰਾਇਆ, ਜਦਕਿ ਪਟਿਆਲਾ ਨੇ ਬਰਨਾਲਾ ਨੂੰ ਅੱਠ ਸਕੋਰਾਂ ਨਾਲ ਮਾਤ ਦਿੱਤੀ। ਅੰਡਰ-17 ਲੜਕੀਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਫਰੀਦਕੋਟ ਨੂੰ ਸੱਤ ਸਕੋਰਾਂ ਅਤੇ ਪਟਿਆਲਾ ਨੇ ਮਾਨਸਾ ਨੂੰ ਅੱਠ ਸਕੋਰਾਂ ਨਾਲ ਹਰਾਇਆ। ਅੰਡਰ-14 ਲੜਕੀਆਂ ਵਿਚ ਪਟਿਆਲਾ ਨੇ ਫਰੀਦਕੋਟ ਨੂੰ 11 ਸਕੋਰਾਂ ਨਾਲ ਹਰਾਇਆ, ਜਦਕਿ ਲੜਕਿਆਂ ਵਿੱਚ ਜਲੰਧਰ ਨੇ ਮੋਗਾ ਨੂੰ ਦੋ ਸਕੋਰਾਂ ਨਾਲ ਮਾਤ ਦਿੱਤੀ। ਕਬੱਡੀ ਦੇ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਪਟਿਆਲਾ ਨੇ ਰੋਪੜ ਨੂੰ 12-2 ਨਾਲ ਹਰਾਇਆ। ਇਸੇ ਵਰਗ ਵਿਚ ਮੋਗਾ ਨੇ ਬਠਿੰਡਾ ਨੂੰ 29-13 ਅਤੇ ਫਰੀਦਕੋਟ ਨੇ ਫਿਰੋਜ਼ਪੁਰ ਨੂੰ 33-16 ਨਾਲ ਹਰਾਇਆ। ਅੰਡਰ-14 ਲੜਕੀਆਂ ਵਿੱਚ ਪਟਿਆਲਾ ਨੇ ਅੰਮ੍ਰਿਤਸਰ ਨੂੰ 41-25 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਫਰੀਦਕੋਟ, ਬਠਿੰਡਾ ਅਤੇ ਸੰਗਰੂਰ ਦੀਆਂ ਟੀਮਾਂ ਨੇ ਵੀ ਆਪੋ-ਆਪਣੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ।