ਮਾਨਵ ਜਾਤੀ ਦੀ ਹੋਂਦ ਬਚਾਉਣ ਲਈ ਰੁੱਖਾਂ ਦੀ ਅਹਿਮੀਅਤ ਸਭ ਤੋਂ ਵੱਧ : ਡਾ. ਰਾਵਤ ਜੇਜੀ ਕਾਲਜ ’ਚ 'ਪੌਦੇ ਲਗਾਓ ਅਭਿਆਨ' ਦਾ ਆਯੋਜਨ
Publish Date: Sat, 31 Oct 2026 03:57 PM (IST)
Updated Date: Sun, 01 Nov 2026 04:02 AM (IST)
ਜੇਜੀ ਕਾਲਜ ’ਚ ਪੌਦੇ ਲਗਾਓ ਅਭਿਆਨ ਦਾ ਆਯੋਜਨ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਬਾਬਾ ਨਾਨਕ ਐਜੂਕੇਸ਼ਨ ਸੁਸਾਇਟੀ ਦੇ ਅਧੀਨ ਚੱਲ ਰਹੇ ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਜਸਮੇਰ ਸਿੰਘ ਜੇਜੀ ਕਾਲਜ, ਗੁਰਨੇ ਕਲਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਅਤੇ ਚੌਗਿਰਦੇ ਦੀ ਹਰਿਆਵਲ ਨੂੰ ਬਰਕਰਾਰ ਰੱਖਣ ਦੇ ਮਨੋਰਥ ਨਾਲ ਵਾਤਾਵਰਣ ਬਚਾਓ, ਜੀਵਨ ਬਚਾਓ ਸਮਰਪਿਤ ਵਿਸ਼ੇਸ਼ ਪੌਦੇ ਲਗਾਓ ਅਭਿਆਨ ਦਾ ਆਯੋਜਨ ਕੀਤਾ ਗਿਆ। ਇਹ ਅਭਿਆਨ ਬਾਬਾ ਨਾਨਕ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਜੇਜੀ ਅਤੇ ਕਾਲਜ ਡਾਇਰੈਕਟਰ ਬੀਬਾ ਹਰਮਨ ਜੇਜੀ ਦੀ ਰਹਿਨੁਮਾਈ ਹੇਠ, ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਨਦੀਪ ਸਿੰਘ ਦੀ ਸਰਪ੍ਰਸਤੀ, ਮੁੱਖ ਸਲਾਹਕਾਰ ਪ੍ਰੋ. ਹਰਦੀਪ ਸਿੰਘ ਅਤੇ ਕਾਲਜ ਸੁਪਰਡੈਂਟ ਜਸਵਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਤੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਇਆ ਗਿਆ। ਇਸ ਦੌਰਾਨ ਈਕੋ ਕਲੱਬ ਦੇ ਇੰਚਾਰਜ ਡਾ. ਰੀਟਾ ਰਾਵਤ ਵੱਲੋਂ ਵਾਤਾਵਰਣ ਦੀ ਗੰਭੀਰ ਸਥਿਤੀ ਅਤੇ ਇਸ ਦੀ ਸੰਭਾਲ ਤੇ ਕੇਂਦਰਿਤ ਇਕ ਜਾਗਰੂਕਤਾ ਅਭਿਆਨ ਕਰਵਾਇਆ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਅੱਜ ਦੇ ਦੌਰ ਵਿੱਚ ਵਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ, ਧਰਤੀ ਹੇਠਲੇ ਘਟਦੇ ਪਾਣੀ ਦੇ ਪੱਧਰ ਅਤੇ ਬਦਲਦੇ ਮੌਸਮੀ ਚੱਕਰ ਵਰਗੀਆਂ ਗੰਭੀਰ ਸਮੱਸਿਆਵਾਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਾਨਵ ਜਾਤੀ ਦੇ ਹੋਂਦ ਨੂੰ ਬਚਾਉਣ ਲਈ ਰੁੱਖਾਂ ਦੀ ਅਹਿਮੀਅਤ ਸਭ ਤੋਂ ਵੱਧ ਹੈ। ਅਸੀਂ ਸਿਰਫ਼ ਪੌਦੇ ਲਗਾ ਕੇ ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਫ਼-ਸੁਥਰਾ ਅਤੇ ਨਿਰੋਈ ਹਵਾ ਵਾਲਾ ਵਾਤਾਵਰਣ ਦੇ ਸਕਦੇ ਹਾਂ। ਇਸ ਅਭਿਆਨ ਦੌਰਾਨ ਕਾਲਜ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ, ਜਿਸ ਵਿੱਚ ਫੁੱਲਦਾਰ ਅਤੇ ਔਸ਼ਧੀ ਕਿਸਮਾਂ ਦੇ ਪੌਦੇ ਲਗਾਏ ਗਏ। ਇਸ ਮੁਹਿੰਮ ਵਿੱਚ ਕਾਲਜ ਸੁਪਰਡੈਂਟ ਜਸਵਿੰਦਰ ਸਿੰਘ, ਸਮੂਹ ਪ੍ਰਬੰਧਕੀ ਸਟਾਫ਼, ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਸਿਰਫ਼ ਪੌਦੇ ਲਾਉਣ ਤੱਕ ਹੀ ਸੀਮਤ ਨਾ ਰਹਿੰਦੇ ਹੋਏ, ਵਿਦਿਆਰਥੀਆਂ ਅਤੇ ਸਟਾਫ਼ ਨੇ ਇਹ ਪ੍ਰਣ ਵੀ ਲਿਆ ਕਿ ਉਹ ਲਗਾਏ ਗਏ ਹਰ ਇੱਕ ਪੌਦੇ ਦੀ ਨਿਯਮਤ ਸੰਭਾਲ, ਪਾਣੀ ਦੇਣ ਅਤੇ ਰੱਖ-ਰਖਾਅ ਦੀ ਪੂਰੀ ਜ਼ਿੰਮੇਵਾਰੀ ਨਿਭਾਉਣਗੇ। ਕਾਲਜ ਪ੍ਰਿੰਸੀਪਲ ਪ੍ਰੋ. ਅਮਨਦੀਪ ਸਿੰਘ ਅਤੇ ਮੁੱਖ ਸਲਾਹਕਾਰ ਪ੍ਰੋ. ਹਰਦੀਪ ਸਿੰਘ ਜੀ ਨੇ ਇਸ ਸਫਲ ਉਪਰਾਲੇ ਲਈ ਡਾ. ਰੀਟਾ ਰਾਵਤ, ਸੁਪਰਡੈਂਟ ਜਸਵਿੰਦਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।