- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਨੂੜ ਮੰਡੀ ਵਿੱਚ ਲੱਗੇ ਝੋਨੇ ਦੇ ਲੱਗੇ ਢੇਰ, ਕਿਸਾਨ ਖਰੀਦ ਦੀ ਉਡੀਕ ਵਿੱਚ ਰਾਤਾ ਕੱਟਣ ਨੂੰ ਮਜਬੂਰ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਇਸ ਖੇਤਰ ਵਿਚ ਕੰਬਾਈਨ ਨਾਲ ਝੋਨੇ ਦੀ ਕਟਾਈ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਮੰਡੀ ਵਿਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਪਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਮੰਡੀਆਂ ਵਿਚ ਰਾਤਾਂ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਉੱਥੇ ਹੀ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਸਰਪੰਚ ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਜੱਗੀ ਕਰਾਲਾ, ਗੁਰਵਿੰਦਰ ਸਿੰਘ ਸਿਆਊ, ਨੰਬਰਦਾਰ ਸਤਨਾਮ ਸਿੰਘ ਸੱਤਾ ਖਲੋਰ, ਤਰਲੋਚਨ ਸਿੰਘ ਨੰਡਿਆਲੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਲਵਾਈ ਦਾ ਸਮਾਂ ਇਕ ਜੂਨ ਤੋਂ ਦਿੱਤਾ ਗਿਆ ਸੀ, ਜਿਸ ਕਾਰਨ ਕਿਸਾਨਾਂ ਵੱਲੋਂ ਪਿਛਲੇ ਸਾਲ ਤੋਂ ਅਗੇਤੇ ਝੋਨੇ ਦੀ ਫਸਲ ਦੀ ਲਵਾਈ ਕੀਤੇ ਜਾਣ ਕਾਰਨ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ ਅਤੇ ਪੱਕੀ ਹੋਈ ਫਸਲ ਨੂੰ ਕਿਸਾਨ ਵੱਢ ਕੇ ਮੰਡੀ ਵਿਚ ਲਿਆ ਰਹੇ ਹਨ। ਪਰ ਇਥੇ ਉਨਾਂ ਦੀ ਫ਼ਸਲ ਨੂੰ ਖਰੀਦਣ ਵਾਲਾ ਕੋਈ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਦੀ ਲਵਾਈ ਸਰਕਾਰ ਨੇ 15 ਦਿਨ ਅਗੇਤੀ ਸ਼ੁਰੂ ਕਰਵਾ ਦਿੱਤੀ ਸੀ, ਇਸੇ ਹਿਸਾਬ ਨਾਲ ਸਰਕਾਰ ਨੂੰ ਝੋਨੇ ਦੀ ਖਰੀਦ ਵੀ ਪਹਿਲਾਂ ਸ਼ੁਰੂ ਕਰਵਾਉਣੀ ਚਾਹੀਦੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਝੋਨੇ ਦੀ ਖ਼ਰੀਦ ਸ਼ੁਰੂ ਨਾ ਕਰਵਾਈ ਤਾਂ ਆਉਣ ਵਾਲੇ ਦਿਨਾਂ ਵਿਚ ਝੋਨਾ ਮੰਡੀਆਂ ਵਿਚ ਝੋਨਾ ਸੁੱਟਣ ਲਈ ਥਾਂ ਨਹੀ ਬਚੇਗੀ। ਦੱਸਣਯੋਗ ਹੈ ਕਿ ਇਲਾਕੇ ਦੇ ਕਿਸਾਨ ਜਿਆਦਾਤਰ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਜਿਸ ਕਾਰਨ ਉਹ ਅਗੇਤੇ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਦੇ ਹਨ ਤਾਂ ਜੋ ਆਲੂਆਂ ਸਮੇਤ ਹੋਰ ਸਬਜ਼ੀਆਂ ਦੀ ਕਾਸ਼ਤ ਕਰ ਸਕਣ। ਉਨ੍ਹਾਂ ਸੂਬਾ ਸਰਕਾਰ ਤੋਂ ਤੁਰੰਤ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਜੋ ਇਲਾਕੇ ਦੇ ਕਿਸਾਨਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ ਦੱਸਣ ਯੋਗ ਹੈ ਕਿ ਪਿਛਲੇ ਸਾਲ ਸੂਬਾ ਸਰਕਾਰ ਵੱਲੋਂ 20 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਸੀ ਪਰ ਇਸ ਵਾਰ ਅਗੇਤੇ ਝੋਨੇ ਦੀ ਲਵਾਈ ਕਰਨ ਦੇ ਬਾਵਜੂਦ ਵੀ ਸਰਕਾਰੀ ਖਰੀਦ ਸ਼ੁਰੂ ਨਾ ਕਰਨਾ ਸੂਬਾ ਸਰਕਾਰ ਦੇ ਪ੍ਰਤੀ ਕਿਸਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।