ਕੂੜੇ ਦੇ ਢੇਰਾਂ ਨੇ ਸ਼ਹਿਰ ਵਾਸੀਆਂ ਦਾ ਸਾਹ ਲੈਣਾ ਕੀਤਾ ਔਖਾ ਕੂੜੇ ਦੇ ਢੇਰਾਂ ਨੇ ਸ਼ਹਿਰ ਵਾਸੀਆਂ ਦਾ ਸਾਹ ਲੈਣਾ ਕੀਤਾ ਔਖਾ
Publish Date: Mon, 13 Jul 2026 04:17 PM (IST)
Updated Date: Tue, 14 Jul 2026 04:01 AM (IST)
ਕੂੜੇ ਤੋਂ ਫੈਲ ਰਹੀ ਬਦਬੂ, ਬਿਮਾਰੀਆਂ ਫੈਲਣ ਦਾ ਵਧਿਆ ਖ਼ਤਰਾ ਸੱਤਪਾਲ ਸਿੰਘ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸਫਾਈ ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਨਗਰ ਕੌਂਸਲ ਦੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਸੋਮਵਾਰ ਨੂੰ ਛੇਵੇਂ ਦਿਨ ਵਿੱਚ ਪ੍ਰਵੇਸ਼ ਕਰ ਗਈ। ਪੰਜ ਦਿਨਾਂ ਤੋਂ ਕੂੜਾ ਨਾ ਚੁੱਕਣ ਕਾਰਨ ਸ਼ਹਿਰ ਦਾ ਦਿੱਲੀ ਗੇਟ, ਗਲੀਆਂ, ਚੌਰਾਹੇ ਤੇ ਮੁੱਖ ਮਾਰਗ ਕੂੜੇ ਦੇ ਢੇਰਾਂ ’ਚ ਤਬਦੀਲ ਹੋ ਗਏ ਹਨ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਸ਼ਹਿਰ ਵਾਸੀਆਂ ਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ ਤੇ ਬੀਮਾਰੀਆਂ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਤੇਜ਼ ਗਰਮੀ ਕਾਰਨ ਇਸ ਕੂੜੇ ਤੋਂ ਇੰਨੀ ਭਿਆਨਕ ਬਦਬੂ ਆ ਰਹੀ ਹੈ ਕਿ ਲੋਕਾਂ ਦਾ ਸੜਕਾਂ ’ਤੇ ਚੱਲਣਾ ਦੁੱਭਰ ਹੋ ਗਿਆ ਹੈ। ਉੱਥੇ ਹੀ ਸ਼ਨਿੱਚਰਵਾਰ ਨੂੰ ਹੋਈ ਬਾਰਿਸ਼ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਬਾਰਿਸ਼ ਦੇ ਪਾਣੀ ’ਚ ਭਿੱਜ ਕੇ ਕੂੜਾ ਜਲਦੀ ਸੜਨ ਲੱਗ ਗਿਆ ਹੈ ਜਿਸ ਨਾਲ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੈ। ਇਸ ਕੂੜੇ ਦੇ ਢੇਰ ਤੋਂ ਡੇਂਗੂ ਮਲੇਰੀਆ ਤੇ ਗੈਸਟ੍ਰੋਇੰਟੈਸਟਾਈਨਲ ਬਿਮਾਰੀਆ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਬਾਜ਼ਾਰਾ ’ਚ ਕੂੜੇ ਦੇ ਢੇਰ ਲੱਗਣ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਗਿਆ ਹੈ ਕਿਉਂਕਿ ਗਾਹਕ ਬਦਬੂ ਕਾਰਨ ਦੂਰੋ ਹੀ ਮੂੰਹ ਮੋੜ ਲੈਂਦੇ ਹਨ। ਰਿਹਾਇਸ਼ੀ ਇਲਾਕਿਆ ਦੇ ਲੋਕ ਪਲਾਸਟਿਕ ਦੀਆਂ ਥੈਲੀਆਂ ’ਚ ਕੂੜਾ ਭਰ ਕੇ ਪਬਲਿਕ ਥਾਵਾਂ ’ਤੇ ਹੀ ਸੁੱਟ ਰਹੇ ਹਨ। ਲੋਕਾ ਦਾ ਕਹਿਣਾ ਹੈ ਹੈ ਕਿ ਕੋਈ ਸੁਣਵਾਈ ਨਹੀਂ ਹੋ ਰਹੀ। ਬੱਚੇ ਸਕੂਲ ਜਾਣ ਤੋਂ ਡਰਦੇ ਹਨ ਤੇ ਬਜ਼ੁਰਗਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਹੈ। ਪਰ ਸਰਕਾਰ ਸਫਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਸਿਹਤ ਮਾਹਿਰਾਂ ਨੇ ਇਸ ਸਥਿਤੀ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਗਰਮੀ ਅਤੇ ਨਮੀ ਦੇ ਇਸ ਮੌਸਮ ਵਿੱਚ ਕੂੜੇ ’ਚ ਮੌਜੂਦ ਸੂਖਮ-ਜੀਵ ਬਹੁਤ ਤੇਜ਼ੀ ਨਾਲ ਵਧਦੇ ਹਨ, ਜਿਸ ਨਾਲ ਹੈਜ਼ਾ ਤੇ ਟਾਈਫਾਈਡ ਵਰਗੀਆਂ ਮਹਾਮਾਰੀਆਂ ਫੈਲ ਸਕਦੀਆਂ ਹਨ। ਲੋਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸੇ ਵੀ ਕੀਮਤ ’ਤੇ ਕਰਮਚਾਰੀਆ ਦੀਆਂ ਮੰਗਾ ’ਤੇ ਵਿਚਾਰ ਕੀਤਾ ਜਾਵੇ ਤੇ ਸਫ਼ਾਈ ਵਿਵਸਥਾ ਬਹਾਲ ਕੀਤੀ ਜਾਵੇ। ਇਹ ਹਨ ਮੁਲਾਜ਼ਮਾਂ ਦੀਆਂ ਮੰਗਾਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਆਗੂਆਂ ਦਾ ਕਹਿਣਾ ਹੈ ਕਿ ਇਹ ਹੜਤਾਲ ਅਣਮਿੱਥੇ ਸਮੇਂ ਲਈ ਉਦੋਂ ਤਕ ਜਾਰੀ ਰਹੇਗੀ ਜਦੋਂ ਤੱਕ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾ ਨਹੀਂ ਮੰਨ ਲਈਆਂ ਜਾਦੀਆਂ। ਯੂਨੀਅਨ ਦੀਆਂ ਮੰਗਾਂ ਵਿੱਚ ਠੇਕਾ ਪ੍ਰਥਾ ਖ਼ਤਮ ਕਰ ਕੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਨਿਯਮਤ ਅਹੁਦਿਆਂ ’ਤੇ ਵਿਭਾਗ ਅਧੀਨ ਲਿਆਉਣਾ, 10 ਸਾਲ ਦੀ ਨੀਤੀ ਨੂੰ ਰੱਦ ਕਰਕੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾ ਵਿੱਚ ਤਿੰਨ ਸਾਲ ਪੂਰੇ ਹੋਣ ’ਤੇ ਨਿਯਮਤ ਕਰਨਾ ਆਦਿ।