ਫਿਜ਼ਿਕਸ ਅਧਿਆਪਕ ਡਾ. ਦਿਨੇਸ਼ ਦੀ ਨੈਸ਼ਨਲ ਟੀਚਰਜ਼ ਐਵਾਰਡ ਲਈ ਚੋਣ ਫਿਜ਼ਿਕਸ ਅਧਿਆਪਕ ਡਾ. ਦਿਨੇਸ਼ ਕੁਮਾਰ ਦੀ ਨੈਸ਼ਨਲ ਟੀਚਰਜ਼ ਐਵਾਰਡ ਲਈ ਚੋਣ
Publish Date: Sat, 22 Aug 2026 04:39 PM (IST)
Updated Date: Sat, 22 Aug 2026 04:42 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਰਕਾਰੀ ਸਕੂਲ ਦੀ ਇਕ ਪੁਰਾਣੀ ਫਿਜ਼ਿਕਸ ਲੈਬ ਵਿਚ ਵਸੀਲਿਆਂ ਦੀ ਘਾਟ ਨੇ ਇਕ ਅਧਿਆਪਕ ਨੂੰ ਪਰੇਸ਼ਾਨ ਜ਼ਰੂਰ ਕੀਤਾ, ਪਰ ਉਸੇ ਪਰੇਸ਼ਾਨੀ ਨੇ ਇਕ ਅਜਿਹੇ ਵਿਚਾਰ ਨੂੰ ਜਨਮ ਦਿੱਤਾ, ਜਿਸ ਨੇ ਫਿਜ਼ਿਕਸ ਦੀ ਪੜ੍ਹਾਈ ਨੂੰ ਕਿਤਾਬਾਂ ਤੇ ਬਲੈਕਬੋਰਡ ’ਚੋਂ ਕੱਢ ਕੇ ਕੰਪਿਊਟਰ ਸਕ੍ਰੀਨ ਤੇ ਜਿਊਂਦਾ ਕਰ ਦਿੱਤਾ। ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਫਿਜ਼ਿਕਸ ਲੈਕਚਰਾਰ ਡਾ. ਦਿਨੇਸ਼ ਕੁਮਾਰ ਨੇ ਆਪਣੀ ਇਸੇ ਨਿਵੇਕਲੀ ਸੋਚ ਤੇ ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਯੋਗਦਾਨ ਸਦਕਾ ਨੈਸ਼ਨਲ ਟੀਚਰਜ਼ ਐਵਾਰਡ ਲਈ ਚੁਣੇ ਜਾ ਕੇ ਪਟਿਆਲਾ ਦਾ ਨਾਂ ਰੌਸ਼ਨ ਕੀਤਾ ਹੈ। ਉਹ ਇਸ ਐਵਾਰਡ ਲਈ ਪੰਜਾਬ ’ਚੋਂ ਚੁਣੇ ਗਏ ਇਕਲੌਤੇ ਅਧਿਆਪਕ ਹਨ। ਲਗਭਗ ਦਸ ਸਾਲ ਪਹਿਲਾਂ ਜਦੋਂ ਡਾ. ਦਿਨੇਸ਼ ਕੁਮਾਰ ਨੇ 120 ਸਾਲ ਪੁਰਾਣੇ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਫਿਜ਼ਿਕਸ ਲੈਕਚਰਾਰ ਵਜੋਂ ਜੁਆਇਨ ਕੀਤਾ ਸੀ, ਉਦੋਂ ਸਕੂਲ ਦੀ ਫਿਜ਼ਿਕਸ ਲੈਬ ਵਿਚ ਯੰਤਰਾਂ ਅਤੇ ਹੋਰ ਵਸੀਲਿਆਂ ਦੀ ਕਾਫ਼ੀ ਘਾਟ ਸੀ। ਕਈ ਵਾਰ ਯੰਤਰਾਂ ਨੂੰ ਠੀਕ ਕਰਨ ਵਿੱਚ ਹੀ ਇੰਨਾ ਸਮਾਂ ਲੱਗ ਜਾਂਦਾ ਸੀ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਵਾਉਣਾ ਇਕ ਚੁਣੌਤੀ ਬਣ ਜਾਂਦਾ ਸੀ। ਪਰ ਜਿੱਥੇ ਦੂਜੇ ਅਧਿਆਪਕ ਇਸ ਘਾਟ ਨੂੰ ਸਮੱਸਿਆ ਮੰਨ ਸਕਦੇ ਸਨ, ਉੱਥੇ ਹੀ ਡਾ. ਦਿਨੇਸ਼ ਕੁਮਾਰ ਨੇ ਇਸ ਨੂੰ ਨਵੀਂ ਖੋਜ ਦੀ ਸ਼ੁਰੂਆਤ ਬਣਾ ਦਿੱਤਾ। ਉਨ੍ਹਾਂ ਨੇ ਪ੍ਰੋਗਰਾਮਿੰਗ ਰਾਹੀਂ ਵਰਚੁਅਲ ਫਿਜ਼ਿਕਸ ਲੈਬ ਤਿਆਰ ਕਰਨ ਦਾ ਬੀੜਾ ਚੁੱਕਿਆ। ਇਹ ਸਿਰਫ਼ ਕੋਈ ਵੀਡੀਓ ਜਾਂ ਐਨੀਮੇਸ਼ਨ ਨਹੀਂ, ਸਗੋਂ ਇਕ ਅਜਿਹੀ ਇੰਟਰਐਕਟਿਵ ਲੈਬ ਹੈ, ਜਿਸ ਵਿੱਚ ਵਿਦਿਆਰਥੀ ਕੰਪਿਊਟਰ ਤੇ ਅਸਲ ਪ੍ਰਯੋਗਸ਼ਾਲਾ ਵਾਂਗ ਫਿਜ਼ਿਕਸ ਦੇ ਪ੍ਰਯੋਗ ਕਰ ਸਕਦੇ ਹਨ। ਵਿਦਿਆਰਥੀ ਯੰਤਰਾਂ ਦੀ ਵਰਤੋਂ ਕਰਨਾ, ਉਹਨਾਂ ਦੀ ਰੀਡਿੰਗ ਲੈਣਾ, ਜ਼ੀਰੋ ਐਰਰ ਕੱਢਣਾ, ਯੰਤਰਾਂ ਦੀ ਕਾਰਜ-ਪ੍ਰਣਾਲੀ ਸਮਝਣਾ ਅਤੇ ਪ੍ਰਯੋਗ ਦੀ ਪੂਰੀ ਪ੍ਰਕਿਰਿਆ ਸਿੱਖ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਜੇਕਰ ਕਿਸੇ ਪ੍ਰਯੋਗ ਦਾ ਅਸਲ ਯੰਤਰ ਉਪਲਬਧ ਨਾ ਹੋਵੇ ਜਾਂ ਅਚਾਨਕ ਕੰਮ ਕਰਨਾ ਬੰਦ ਕਰ ਦੇਵੇ, ਤਾਂ ਵਿਦਿਆਰਥੀ ਵਰਚੁਅਲ ਲੈਬ ਰਾਹੀਂ ਓਹੀ ਪ੍ਰਯੋਗ ਕੰਪਿਊਟਰ ਤੇ ਕਰ ਸਕਦੇ ਹਨ। ਭਾਵ ਯੰਤਰ ਨਹੀਂ ਤਾਂ ਪ੍ਰੈਕਟੀਕਲ ਬੰਦ ਨਹੀਂ—ਤਕਨਾਲੋਜੀ ਰਾਹੀਂ ਸਿੱਖਣ ਦਾ ਸਿਲਸਿਲਾ ਜਾਰੀ। --ਵਿਸ਼ੇ ਨੂੰ ਹੋਰ ਰੌਚਕ ਬਣਾਉਣ ਦੇ ਮਕਸਦ ਨਾਲ 100 ਟੀਚਿੰਗ ਏਡਜ਼ ਵੀ ਤਿਆਰ ਕੀਤੇ ਡਾ. ਦਿਨੇਸ਼ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਨੇ ਵਿਦਿਆਰਥੀਆਂ ਲਈ ਆਪਣੇ ਵਿਸ਼ੇ ਨੂੰ ਹੋਰ ਰੌਚਕ ਅਤੇ ਵਿਹਾਰਕ ਬਣਾਉਣ ਦੇ ਮਕਸਦ ਨਾਲ ਲਗਭਗ 100 ਟੀਚਿੰਗ ਏਡਜ਼ ਵੀ ਤਿਆਰ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਲਗਭਗ 35 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ-ਪੱਤਰ ਵੱਖ-ਵੱਖ ਜਰਨਲਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਕਈ ਨਾਮਵਰ ਜਰਨਲਾਂ ਦੇ ਰਿਵਿਊਅਰ (ਸਮੀਖਿਅਕ) ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਪੜ੍ਹੇ ਵਿਦਿਆਰਥੀਆਂ ਨੇ ਨੀਟ ਅਤੇ ਜੇ.ਈ.ਈ. ਵਰਗੀਆਂ ਔਖੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫ਼ਲਤਾ ਹਾਸਲ ਕਰਕੇ ਦੇਸ਼ ਦੇ ਨਾਮਵਰ ਮੈਡੀਕਲ ਅਤੇ ਇੰਜੀਨੀਅਰਿੰਗ ਅਦਾਰਿਆਂ ਵਿੱਚ ਦਾਖ਼ਲਾ ਲਿਆ ਹੈ। ਹੁਣ ਤੱਕ ਲਗਭਗ 50 ਵਿਦਿਆਰਥੀ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖ਼ਲਾ ਲੈ ਚੁੱਕੇ ਹਨ। -ਇਨਾਮਾਂ ਨਾਲ ਸਜਿਆ ਸਫ਼ਰ ਡਾ. ਦਿਨੇਸ਼ ਕੁਮਾਰ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਸਿਰਫ਼ ਵਰਚੁਅਲ ਲੈਬ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੂੰ ਸਾਲ 2020 ਵਿੱਚ ਸਟੇਟ ਐਵਾਰਡ, ਸਾਲ 2022 ਵਿੱਚ ਪੰਜਾਬ ਟੀਚਰ ਆਫ਼ ਦਾ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜਾਬ ਟੀਚਰ ਆਫ਼ ਦਾ ਈਅਰ ਐਵਾਰਡ ਦੇ ਨਾਲ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨੈਸ਼ਨਲ ਬੈਸਟ ਸਾਇੰਸ ਟੀਚਰ ਐਵਾਰਡ ਅਤੇ ਸਾਲ 2025 ਵਿੱਚ ਆਊਟਸਟੈਂਡਿੰਗ ਫਿਜ਼ਿਕਸ ਟੀਚਰ ਐਵਾਰਡ ਵੀ ਮਿਲ ਚੁੱਕਾ ਹੈ। ਹੁਣ ਨੈਸ਼ਨਲ ਟੀਚਰਜ਼ ਐਵਾਰਡ ਲਈ ਉਨ੍ਹਾਂ ਦੀ ਚੋਣ ਉਨ੍ਹਾਂ ਦੇ ਲੰਮੇ ਵਿੱਦਿਅਕ ਸਫ਼ਰ ਅਤੇ ਨਵੀਨਤਾ ਨੂੰ ਮਿਲੀ ਇਕ ਹੋਰ ਵੱਡੀ ਪਛਾਣ ਹੈ। -ਪ੍ਰਾਇਮਰੀ ਟੀਚਰ ਤੋਂ ਨੈਸ਼ਨਲ ਐਵਾਰਡ ਤੱਕ ਦਾ ਸਫ਼ਰ ਡਾ. ਦਿਨੇਸ਼ ਕੁਮਾਰ ਪਿਛਲੇ ਲਗਭਗ 25 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਪ੍ਰਾਇਮਰੀ ਟੀਚਰ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਸਟਰ ਕਾਡਰ ਵਿਚ ਸੇਵਾਵਾਂ ਦਿੱਤੀਆਂ ਅਤੇ ਮੌਜੂਦਾ ਸਮੇਂ ਵਿੱਚ ਫਿਜ਼ਿਕਸ ਲੈਕਚਰਾਰ ਵਜੋਂ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ।