ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀਤੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਵਿਅਕਤੀ ਨੇ ਜ਼ਹਿਰੀਲੀ ਚੀਜ ਖਾਧੀ
Publish Date: Sun, 20 Sep 2026 07:18 PM (IST)
Updated Date: Mon, 21 Sep 2026 04:08 AM (IST)
ਫੋਟੋ–29 ਕੈਪਸ਼ਨ–ਸੰਗਰੂਰ ਜਗਸੀਰ ਸਿੰਘ ਨੂੰ ਹਸਪਤਾਲ ਲੈ ਜਾਂਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਐਤਵਾਰ ਛੁੱਟੀ ਵਾਲੇ ਦਿਨ ਦੁਪਹਿਰ ਤੋਂ ਬਾਅਦ ਇਕ ਵਿਅਕਤੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੇੜੇ ਮੌਜੂਦ ਲੋਕਾਂ ਨੇ ਉਕਤ ਨੂੰ ਸਿਵਲ ਹਸਪਤਾਲ ਸੰਗਰੂਰ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਨਮੋਲ ਵਾਸੀ ਜਗਸੀਰ ਸਿੰਘ ਜੱਗਾ (35) ਪੁੱਤਰ ਮਹਿੰਦਰ ਸਿੰਘ, ਐਤਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜਾ, ਜਿੱਥੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਇਸ ਦੌਰਾਨ ਲੋਕਾਂ ਵੱਲੋਂ ਪੁੱਛਣ ’ਤੇ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਘਰ ਦੇ ਸਾਹਮਣੇ ਕੁਝ ਵਿਅਕਤੀ ਨਸ਼ੀਲੇ ਪਦਾਰਥ ਵੇਚਦੇ ਸਨ, ਜਿਸ ਦੀ ਵੀਡੀਓ ਉਸ ਦੇ ਸੀਸੀਟੀਵੀ ਕੈਮਰੇ ’ਚ ਮੌਜੂਦ ਸੀ। ਉਸ ਨੇ ਇਸ ਸਬੰਧੀ ਪੁਲਿਸ ਨੂੰ ਮੌਖਿਕ ਤੌਰ ’ਤੇ ਸ਼ਿਕਾਇਤ ਵੀ ਕੀਤੀ ਸੀ। ਪਿੰਡ ’ਚ ਸ਼ਰੇਆਮ ਨਸ਼ਾ ਵਿਕਣ ’ਤੇ ਉਸ ਵੱਲੋਂ ਇਤਰਾਜ਼ ਜਤਾਉਣ ’ਤੇ ਨਸ਼ਾ ਤਸਕਰਾਂ ਨੇ ਉਸ ਨੂੰ ਡਰਾਇਆ-ਧਮਕਾਇਆ ਤੇ ਉਸ ਦੀ ਕੁੱਟਮਾਰ ਕਰਨ ਦੇ ਨਾਲ ਸੀਸੀਟੀਵੀ ਕੈਮਰੇ ਭੰਨ ਦਿੱਤੇ। ਪੁਲਿਸ ਵੀ ਉਸ ਦੇ ਘਰ ਪਹੁੰਚੀ ਤੇ ਉਸ ਦੇ ਘਰੋਂ ਡੀਵੀਆਰ ਲੈ ਗਈ, ਪਰ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਜਿਸ ਤੋਂ ਦੁਖੀ ਹੋ ਕੇ ਉਸ ਨੇ ਅੱਜ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਿਵਲ ਹਸਪਤਾਲ ਸੰਗਰੂਰ ਤੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੇ ਐੱਸਐੱਚਓ ਮਨਪ੍ਰੀਤ ਸਿੰਘ ਨੇ ਕਿਹਾ ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਮਗਰੋਂ ਹੀ ਕੁਝ ਕਿਹਾ ਜਾ ਸਕਦਾ ਹੈ।