ਪੈਰਾਡਾਈਜ਼ ਇੰਟਰਨੈਸ਼ਨਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ ਪੈਰਾਡਾਈਜ਼ ਇੰਟਰਨੈਸ਼ਨਲ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ
Publish Date: Wed, 25 Nov 2026 04:14 PM (IST)
Updated Date: Wed, 25 Nov 2026 04:16 PM (IST)
ਭੁਪਿੰਦਰਜੀਤ ਮੌਲਵੀਵਾਲਾ,• ਪੰਜਾਬੀ ਜਾਗਰਣ •ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਪੁਸ਼ਪਿੰਦਰ ਸਿੰਘ ਗਿੱਲ, ਵਾਈਸ ਚਾਂਸਲਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਸੂਬਿਆਂ ਦੇ ਲੋਕ ਨਾਚਾਂ ਪੇਸ਼ ਕੀਤੇ ਗਏ। ਮਨੋਰੰਜਨ ਦੇ ਨਾਲ ਨਾਲ ਵਿਦਿਆਰਥੀਆਂ ਨੇ ਸਮਾਜਿਕ ਸਰੋਕਾਰਾਂ ਨੂੰ ਉਜਾਗਰ ਕਰਦੀਆਂ ਪੇਸ਼ਕਾਰੀਆਂ ਰਾਹੀ ਵਾਤਾਵਰਣ ਦੀ ਸੰਭਾਲ, ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ, ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਅਤੇ ਦਸਤਾਰ ਦੀ ਮਹੱਤਤਾ, ਸਤਿਕਾਰ ਅਤੇ ਇਸ ਨੂੰ ਆਪਣੀ ਮਾਣ ਮੱਤੀ ਪਛਾਣ ਵੱਜੋਂ ਅਪਣਾਉਣ ਦਾ ਸੰਦੇਸ਼ ਵੀ ਦਿੱਤਾ। ਨਰਸਰੀ ਅਤੇ ਕੇਜੀ ਦੇ ਨੰਨ੍ਹੇ-ਮੁੰਨੇ ਬੱਚਿਆ ਵੱਲੋਂ ਪੇਸ਼ ਕੀਤੇ ਜ਼ੋਸ਼ ਭਰਪੂਰ ਐਕਸ਼ਨ ਡਾਂਸ ਅਤੇ ਮਾਤਾ-ਪਿਤਾ ਨੂੰ ਸਮਰਪਿਤ ਭਾਵਨਾਤਮਕ ਪੇਸ਼ਕਾਰੀ ਹੈਪੀ ਪੇਰੈਂਟਸ ਨੇ ਦਰਸ਼ਕਾਂ ਤੋਂ ਖੂਬ ਵਾਹ ਵਾਹ ਖੱਟੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਵਿਸ਼ੇਸ਼ ਨਾਟਕੀ ਪੇਸ਼ਕਾਰੀ ਨੇ ਸਮੁੱਚੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ ਅਤੇ ਸਰਬੱਤ ਦੇ ਭਲੇ, ਬਰਾਬਰਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸਦੀਵੀ ਸੰਦੇਸ਼ ਦਿੱਤਾ। ਇਸ ਦੌਰਾਨ ਭਾਵਨਾਤਮਕ ਪੇਸ਼ਕਾਰੀਆਂ ਵਿੱਚੋਂ ਇੱਕ ਪੰਜਾਬ ਦੀਆਂ ਧੀਆਂ ਦੇ ਜੀਵਨ ਸਫ਼ਰ ਉੱਤੇ ਆਧਾਰਿਤ ਪੰਜਾਬੀ ਡਾਂਸ ਕੋਰੀਓਗ੍ਰਾਫੀ ਸੀ। ਪੰਜਾਬੀ ਗੱਭਰੂਆਂ ਦੇ ਭੰਗੜੇ ਅਤੇ ਮੁਟਿਆਰਾਂ ਦੀ ਲੁੱਡੀ ਨੇ ਸਿਖਰ ਤੇ ਪਹੁੰਚਾ ਦਿੱਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀਆਂ ਅਕਾਦਮਿਕ ਪ੍ਰਾਪਤੀਆਂ, ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ, ਸਹਿ-ਵਿੱਦਿਅਕ ਸਰਗਰਮੀਆਂ ਅਤੇ ਹੋਰ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਅਨਮੋਲਦੀਪ ਸਿੰਘ ਵੱਲੋਂ ਸਕੂਲੀ ਵਿਦਿਆਰਥੀਆਂ ਦੁਆਰਾ ਬਣਾਇਆ ਅਕਾਦਮਿਕ ਸੈਸ਼ਨ 2027-28 ਦੇ ਸਕੂਲ ਕੈਲੰਡਰ ਜਾਰੀ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਡਾ. ਕ੍ਰਿਤਿਕਾ ਗਰਗ, ਨਾਰਾਇਣ ਗਰਗ, ਰਾਜਪ੍ਰੀਤ ਕੌਰ ਪੰਨੂ, ਹਰਜੀਤ ਸਿੰਘ ਅਤੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਡਾ. ਰਿਸ਼ੂ ਬਾਂਸਲ, ਡਾ. ਜੋਤੀ ਸਿੰਗਲਾ, ਡਾ. ਨਵਦੀਪ ਸ਼ਰਮਾ, ਰਾਹੁਲ ਸਿੰਗਲਾ ਅਤੇ ਮਿਸ ਨਿਤਿਕਾ ਗਰਗ ਵੀ ਮੌਜੂਦ ਸਨ।