ਸਾਬਕਾ ਚੇਅਰਮੈਨ ਖਿਲਾਫ਼ ਪਰਚੇ ਵਿਰੁੱਧ ਲੋਕਾਂ ਵੱਲੋਂ ਸੜਕ ’ਤੇ ਧਰਨਾ ਸਾਬਕਾ ਚੇਅਰਮੈਨ ਖਿਲਾਫ਼ ਪਰਚੇ ਵਿਰੁੱਧ ਲੋਕਾਂ ਵੱਲੋਂ ਸੜਕ ਤੇ ਧਰਨਾ
Publish Date: Wed, 07 Oct 2026 06:20 PM (IST)
Updated Date: Thu, 08 Oct 2026 04:05 AM (IST)
ਲੋਕਾਂ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਲੇਰਕੋਟਲਾ/ ਸੰਦੌੜ : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ ਦੇ ਖਿਲਾਫ ਥਾਣਾ ਸੰਦੌੜ ਦੀ ਪੁਲੀਸ ਵਲੋਂ ਦਰਜ ਕੀਤੇ ਗਏ ਮਾਮਲੇ ਦੇ ਵਿਰੋਧ ਵਿੱਚ ਅੱਜ ਵੱਡੀ ਗਿਣਤੀ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੇ ਕਲਿਆਣ ਦੇ ਪੁਲ ਉੱਪਰ ਆਵਾਜਾਈ ਠੱਪ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕਰਦਿਆਂ ਸਾਬਕਾ ਚੇਅਰਮੈਨ ਉੱਪਰ ਕੀਤੇ ਝੂਠੇ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ। ਸ੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਮਾਲੇਰਕੋਟਲਾ ਦੀ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਬੀਬਾ ਜਾਹਿਦ ਦਾ ਸੁਲੇਮਾਨ ਅਤੇ ਕੌਂਸਲਰ ਬੇਅੰਤ ਕਿੰਗਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਅੰਦਰ ਅਕਾਲੀ ਆਗੂਆਂ ਤੇ ਆਮ ਲੋਕਾਂ ਉੱਪਰ ਝੂਠੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਉਲਝਾਉਣਾ ਇਹਨਾਂ ਦੀ ਫਿਤਰਤ ਬਣ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਝਨੇਰ ਦੇ ਸੀਨੀਅਰ ਅਕਾਲੀ ਆਗੂ ਡਾ. ਜੱਗੀ ਝਨੇਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਅਤੇ ਬੇਕਸੂਰ ਪਿੰਡ ਵਾਸੀਆਂ ਵਿਰੁਧ ਰਾਜਨੀਤਕ ਬਦਲਾਖੋਰੀ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਦ ਕਿ ਸਚਾਈ ਇਹ ਹੈ ਕਿ ਪਿੰਡ ਝਨੇਰ ਵਿਖੇ ਇਹ ਅਕਾਲੀ ਆਗੂ ਤੇ ਪਿੰਡ ਵਾਸੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਵਿੱਢ ਕੇ ਨਸ਼ਾ ਵੇਚਣ ਵਾਲਿਆਂ ਦਾ ਪੁਰਜੋਰ ਵਿਰੋਧ ਕਰ ਰਹੇ ਹਨ। ਪਰ ਉੱਲਟਾ ਉਨ੍ਹਾਂ ਵਿਰੁੱਧ ਬਦਾਲਾਖੋਰੀ ਤਹਿਤ ਪਰਚਾ ਦਰਜ ਕਰਕੇ ਸ੍ਰੋਮਣੀ ਅਕਾਲੀ ਦਲ ਚੜ੍ਹਤ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਪਰਚਾ ਰੱਦ ਕਰਾਉਣ ਲਈ ਪੁਲ ਕਲਿਆਣ ਵਿਖੇ ਅਕਾਲੀ ਦਲ ਅਤੇ ਕਿਸਾਨ ਜਥੇਬੰਦੀਆਂ ਨੇ ਸਾਂਝੇ ਰੂਪ ਵਿਚ ਸੰਘਰਸ਼ ਵਿੱਢਣਾ ਪਿਆ। ਉਨ੍ਹਾਂ ਕਿਹਾ ਕਿ ਹਕੀ਼ਕਤ ਇਹ ਹੈ ਕਿ ਝਾੜੂ ਸਰਕਾਰ ਪੁਲਿਸ ਦੀ ਵਰਤੋਂ ਕਰਕੇ ਧੱਕੇਸ਼ਾਹੀ ਵਿਰੁਧ ਅਵਾਜ਼ ਬੁਲੰਦ ਕਰਨ ਵਾਲੇ ਜਾਗਰੂਕ ਲੋਕਾਂ ਨੂੰ ਨਾਜਾਇਜ਼ ਪਰਚੇ ਦਰਜ ਕਰਕੇ ਡਰਾਊਣ ਅਤੇ ਧਮਕਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਆਖਿਆ ਹੈ ਕਿ ਜ਼ੁਲਮ ਅਤੇ ਜਬਰ ਦੀ ਸੰਘੀ ਘੁੱਟਣ ਦਾ ਸਮਾਂ ਆ ਚੁੱਕਾ ਹੈ, ਵਰਨਾ ਇਹ ਸਰਕਾਰ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦੇਵੇਗੀ। ਸੰਗਰੂਰ ਵਿਚ ਵਾਪਰੀਆਂ ਦਰਦਨਾਕ ਘਟਨਾਵਾਂ ਦਾ ਰੁਖ਼ ਹੁਣ ਮਲੇਰਕੋਟਲਾ ਜ਼ਿਲ੍ਹੇ ਵੱਲ ਹੋ ਚੁੱਕਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹਲਕੇ ਵਿਚ ਰਾਜਨੀਤਕ ਬਦਲਾਖੋਰੀ ਬੰਦ ਕੀਤੀ ਜਾਵੇ। ਧਰਨੇ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਪਹੁੰਚੇ ਦੀਪਇੰਦਰ ਸਿੰਘ ਡੀਐੱਸਪੀ (ਡੀ) ਮਾਲੇਰਕੋਟਲਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਵੀ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਚੰਗੀ ਤਰ੍ਹਾਂ ਇੰਨਕੁਆਰੀ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਵਲੋਂ ਮਿਲੇ ਭਰੋਸੇ ਬਾਅਦ ਧਰਨਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਹੀ ਇਨਕੁਆਰੀ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਦੌਰਾਨ ਹੋਰ ਵੱਡੀ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜਾਦ) ਦੇ ਸੂਬਾਈ ਆਗੂ ਗੁਰਮੇਲ ਸਿੰਘ ਮਹੋਲੀ ਅਤੇ ਸੇਰ ਸਿੰਘ ਮਹੋਲੀ ਜਿਲ੍ਹਾ ਪ੍ਰਧਾਨ ਨੇ ਵੀ ਹਾਜਰ ਸਨ।