- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਕਾਸੀ ਨਾਲਾ ਨਾ ਹੋਣ ਕਾਰਨ ਸੜਕ ’ਤੇ ਖੜ੍ਹਾ ਪਾਣੀ ਕਰਕੇ ਲੋਕ ਪ੍ਰੇਸ਼ਾਨ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜਾ : ਹਲਕਾ ਸਨੌਰ ਦੇ ਉੱਘੇ ਕਸਬੇ ਬਲਬੇੜਾ ਵਿਖੇ ਸੂਏ ਦੇ ਅੰਡਰਗਰਾਊਂਡ ਹੋਣ ਤੋਂ ਬਾਅਦ ਅੱਡੇ ਉੱਪਰ ਸਥਿਤ 40 ਤੋਂ 50 ਦੇ ਕਰੀਬ ਘਰਾਂ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਨਿਕਾਸੀ ਨਾਲਾ ਨਾ ਹੋਣ ਕਾਰਨ ਘਰਾਂ ਦਾ ਪਾਣੀ ਸੂਏ ਦੇ ਨਾਲ ਬਣੀ ਸੜਕ ਉੱਪਰ ਇਕੱਠਾ ਹੋ ਰਿਹਾ ਹੈ, ਜਿਸ ਕਾਰਨ ਰਾਹਗੀਰਾਂ, ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਨੇ ਦੱਸਿਆ ਕਿ ਜਦੋਂ ਸੂਆ ਖੁੱਲ੍ਹਾ ਸੀ ਤਾਂ ਘਰਾਂ ਦਾ ਪਾਣੀ ਸਿੱਧਾ ਸੂਏ ਵਿਚ ਚਲਾ ਜਾਂਦਾ ਸੀ, ਪਰ ਪਿਛਲੇ ਸਮੇਂ ਦੌਰਾਨ ਸੂਏ ਦੇ ਅੰਡਰਗਰਾਊਂਡ ਹੋਣ ਤੋਂ ਬਾਅਦ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਇਸ ਕਾਰਨ ਪਾਣੀ ਸੜਕ ਉੱਪਰ ਖੜ੍ਹਾ ਰਹਿੰਦਾ ਹੈ ਤੇ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਉੱਪਰ ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਮੱਛਰ ਪੈਦਾ ਹੋਣ ਅਤੇ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਅਨੁਸਾਰ ਇਸ ਸਮੱਸਿਆ ਵੱਲ ਨਾ ਤਾਂ ਪਿੰਡ ਦੀ ਪੰਚਾਇਤ ਅਤੇ ਨਾ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਅਮਰਜੀਤ ਸਿੰਘ ਨੌਗਾਵਾਂ ਨੇ ਦੱਸਿਆ ਕਿ ਰਾਤ ਸਮੇਂ ਹੋਈ ਹਲਕੀ ਬਰਸਾਤ ਕਾਰਨ ਵੀ ਸੜਕ ਉੱਪਰ ਪਾਣੀ ਇਕੱਠਾ ਹੋ ਗਿਆ, ਜੋ ਮੰਡੀ ਵਿਚ ਪਈ ਗੁਰਦੇਵ ਸਿੰਘ ਨੌਗਾਵਾਂ ਅਤੇ ਹੋਰ ਕਿਸਾਨਾਂ ਦੀ ਫ਼ਸਲ ਵਿਚ ਵੜ ਗਿਆ। ਇਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਨੂੰ ਉੱਚਾ ਕਰਕੇ ਇਸ ਦੇ ਨਾਲ ਢੁੱਕਵਾਂ ਨਿਕਾਸੀ ਨਾਲਾ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਅਤੇ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ। ਇਸ ਮੌਕੇ ਬਲਕਾਰ ਸਿੰਘ ਕੱਕੇਪੁਰ ਸਾਬਕਾ ਸਰਪੰਚ, ਗੁਰਦੇਵ ਸਿੰਘ ਨਗਾਵਾਂ, ਬਲਵਿੰਦਰ ਸਿੰਘ, ਬਿੱਟੂ ਪੂਨੀਆਂ, ਲਾਡੀ ਪੂਨੀਆਂ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ, ਗਿਆਨ ਸਿੰਘ ਆਦਿ ਹਾਜ਼ਰ ਸਨ।