
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਨਵੇਂ ਵਿਦਿਆਰਥੀਆਂ ਦਾ ‘ਰੌਣਕ-2026’ ਫ਼੍ਰੈਸ਼ਰ ਪਾਰਟੀ ਦਾ ਆਯੋਜਨ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਸਵਾਗਤ ਲਈ ਦੂਜੇ ਸਾਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ‘ਰੌਣਕ-2026’ ਨਾਮ ਹੇਠ ਇਕ ਸ਼ਾਨਦਾਰ ਵੈਲਕਮ ਪਾਰਟੀ ਕਰਵਾਈ ਗਈ। ਇਹ ਸਮਾਗਮ ਪੰਜਾਬੀ ਯੂਨੀਵਰਸਿਟੀ ਵਿਚ ਸਥਿਤ ਸੰਨੀ ਉਬਰਾਏ ਆਡੀਟੋਰੀਅਮ ਵਿਚ ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਾਗਮ ਵਿਚ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਵਿਨੋਦ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਮਿਊਜ਼ੀਕਲ ਚੇਅਰ ਦੇ ਪਹਿਲੇ ਰਾਊਂਡ ਵਿੱਚ ਜਿਵਤੇਸ਼ ਜੇਤੂ ਰਿਹਾ, ਜਦਕਿ ਦੂਜੇ ਰਾਊਂਡ ਵਿਚ ਸਹਜਪ੍ਰੀਤ ਨੇ ਜਿੱਤ ਹਾਸਲ ਕੀਤੀ। ਅਧਿਆਪਕਾਂ ਲਈ ਕਰਵਾਏ ਗਏ ਮਿਊਜ਼ੀਕਲ ਚੇਅਰ ਮੁਕਾਬਲੇ ਵਿੱਚ ਡਾ. ਵਿਨੈ ਗੁਪਤਾ ਜੇਤੂ ਰਹੇ। ਮਿਸਟਰ ਫ੍ਰੈਸ਼ਰ ਮੁਕਾਬਲੇ ਵਿਚ 14 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚੋਂ ਜਸਕੀਰਤ ਸਿੰਘ ਨੂੰ ਮਿਸਟਰ ਫ੍ਰੈਸ਼ਰ ਚੁਣਿਆ ਗਿਆ। ਲੜਕੀਆਂ ਦੇ ਮਿਸ ਫ੍ਰੈਸ਼ਰ ਮੁਕਾਬਲੇ ਵਿਚ 9 ਵਿਦਿਆਰਥਣਾਂ ਨੇ ਭਾਗ ਲਿਆ ਅਤੇ ਰਹਿਮਤ ਕੌਰ ਨੇ ਮਿਸ ਫ੍ਰੈਸ਼ਰ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਮਨਸਿਮਰਨ ਸਿੰਘ ਨੂੰ ‘ਮਿਸਟਰ ਹੈਂਡਸਮ’ ਅਤੇ ਸ਼ਬਨਮ ਨੂੰ ‘ਮਿਸ ਜੌਰਜੀਅਸ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਸੰਦੀਪ ਸਿੰਘ ਵੱਲੋਂ ਕਵਿਤਾ ਵੀ ਪੇਸ਼ ਕੀਤੀ ਗਈ। ਸਮਾਗਮ ਦੇ ਕਨਵੀਨਰ ਡਾ. ਹਰਵਿੰਦਰ ਧਾਲੀਵਾਲ ਨੇ ਕਿਹਾ ਕਿ ‘ਰੌਣਕ-2026’ ਵਰਗੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕਤਾ, ਟੀਮ-ਭਾਵਨਾ ਤੇ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਤ ਕਰਨ ਵਿੱਚ ਵੀ ਸਹਾਇਕ ਹੁੰਦੇ ਹਨ। ਸਮਾਗਮ ਦੇ ਕੋਆਰਡੀਨੇਟਰ ਡਾ. ਜਗਜੀਤ ਸਿੰਘ ਚੱਠਾ ਤੇ ਡਾ. ਸਿਮਰਨਜੀਤ ਸਿੰਘ ਸਿੱਧੂ ਨੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।