ਯੋਗਤਾ ਦੇ ਰਾਹ ’ਚ ਰੋੜਾ ਨਹੀਂ ਬਣਨੀ ਚਾਹੀਦੀ ਪੈਸੇ ਦੀ ਤੰਗੀ: ਡਾ. ਜਗਦੀਪ ਪੰਜਾਬੀ ਯੂਨੀਵਰਸਿਟੀ ਦੇ 123 ਵਿਦਿਆਰਥੀਆਂ ਨੂੰ ਅਮਰੀਕਾ ਵੱਲੋਂ ਵੰਡੇ 38 ਲੱਖ ਰੁਪਏ ਦੇ ਵਜੀਫ਼ੇ
Publish Date: Fri, 17 Jul 2026 05:06 PM (IST)
Updated Date: Fri, 17 Jul 2026 05:07 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖ ਹਿਊਮਨ ਡਿਵੈੱਲਪਮੈਂਟ ਫਾਊਂਡੇਸ਼ਨ ਅਮਰੀਕਾ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਕਾਲਰਸ਼ਿਪ ਚੈੱਕ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਖੇਤਰੀ ਕੇਂਦਰਾਂ ਅਤੇ ਕਾਂਸਟੀਚਿਊਂਟ ਕਾਲਜਾਂ ਦੇ 123 ਵਿਦਿਆਰਥੀਆਂ ਨੂੰ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਪ੍ਰਾਪਤ ਅਠੱਤੀ ਲੱਖ ਬਾਈ ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਪ੍ਰਧਾਨਗੀ ’ਚ ਹੋਏ ਇਸ ਸਮਾਗਮ ਦੌਰਾਨ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਮੈਂਬਰ ਗੁਰਬੀਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਾਲ ਉੱਘੇ ਫੋਟੋਗ੍ਰਾਫਰ ਤੇ ਲੇਖਕ ਗਗਨਦੀਪ ਕੌਰ ਅਤੇ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਦੀ ਟੀਮ ਇੰਡੀਆ ਦੀ ਪ੍ਰੋਗਰਾਮ ਕੋਆਰਡੀਨੇਟਰ ਕੁਮਾਰੀ ਪ੍ਰਭਲੀਨ ਕੌਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਦੀ ਭਰਪੂਰ ਸ਼ਲਾਘਾ ਕੀਤੀ। ਗੁਰਬੀਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਦੌਰਾਨ ਫਾਊਂਡੇਸ਼ਨ ਦੇ ਉਦੇਸ਼ਾਂ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਵਾਸ਼ਿੰਗਟਨ ਡੀ.ਸੀ. ਅਧਾਰਿਤ ਇਹ ਗ਼ੈਰ-ਲਾਭਕਾਰੀ ਸੰਸਥਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬ ਤੇ ਗੁਆਂਢੀ ਰਾਜਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 13 ਹਜ਼ਾਰ ਤੋਂ ਵੱਧ ਵਜ਼ੀਫ਼ੇ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਲਗਭਗ 75 ਫੀਸਦੀ ਲੜਕੀਆਂ ਹਨ। ਪ੍ਰੋਗਰਾਮ ਕੋਆਰਡੀਨੇਟਰ ਕੁਮਾਰੀ ਪ੍ਰਭਲੀਨ ਕੌਰ ਨੇ ਵਜ਼ੀਫ਼ੇ ਦੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੂਰੀ ਪ੍ਰਕਿਰਿਆ ਆਨਲਾਈਨ ਅਤੇ ਪਾਰਦਰਸ਼ੀ ਹੈ। ਯੂਨੀਵਰਸਿਟੀ ਦੇ ਡਾਇਰੈਕਟਰ ਯੋਜਨਾ ਤੇ ਨਿਰੀਖਣ ਡਾ. ਸੁਖਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਅਗਸਤ ਵਿਚ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਨਾਲ ਇਕ ਇਕਰਾਰਨਾਮਾ ਸਹੀਬੱਧ ਕੀਤਾ ਸੀ, ਜਿਸ ਦਾ ਮੁੱਖ ਮਨੋਰਥ ਆਰਥਿਕ ਤੌਰ ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਦੀ ਮਦਦ ਕਰਨਾ ਹੈ। ਪ੍ਰੋਗਰਾਮ ਦੇ ਅਖੀਰ ਵਿਚ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਜਿਨ੍ਹਾਂ 33 ਅਕਾਦਮਿਕ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਚੈੱਕ ਸੌਂਪੇ ਗਏ, ਉਨ੍ਹਾਂ ਵਿੱਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ ਵੱਖ-ਵੱਖ ਅਧਿਆਪਨ ਵਿਭਾਗ, ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ, ਮੋਹਾਲੀ, ਯੂਨੀਵਰਸਿਟੀ ਕਾਲਜ, ਮੀਰਾਂਪੁਰ, ਰੀਜਨਲ ਸੈਂਟਰ, ਰਾਮਪੁਰਾ ਫੂਲ, ਬਾਬਾ ਫਰੀਦ ਇੰਸਟੀਚਿਊਟ ਆਦਿ ਦੇ ਵਿਦਿਆਰਥੀ ਸ਼ਾਮਲ ਹਨ।