'ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ' ਸਕੀਮ ਦਾ ਕੀਤਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਵਿਖੇ 'ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ' ਸਕੀਮ ਦਾ ਉਦਘਾਟਨ
Publish Date: Tue, 07 Jul 2026 04:17 PM (IST)
Updated Date: Tue, 07 Jul 2026 04:18 PM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੂੰ ਡਿਜੀਟਲ ਤੌਰ ਤੇ ਵਧੇਰੇ ਸਰਗਰਮ ਅਤੇ ਆਧੁਨਿਕ ਬਣਾਉਣ ਦੇ ਮਕਸਦ ਨਾਲ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ ਸਕੀਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਵੀਂ ਪਹਿਲਕਦਮੀ ਦਾ ਮੁੱਖ ਉਦੇਸ਼ ਕੈਂਪਸ ਵਿਚ ਇਕ ਸੁਰੱਖਿਅਤ, ਆਧੁਨਿਕ ਤੇ ਸਰਲ ਸ਼ਨਾਖਤੀ ਪ੍ਰਣਾਲੀ ਲਾਗੂ ਕਰਨਾ ਹੈ, ਜਿਸ ਨਾਲ ਯੂਨੀਵਰਸਿਟੀ ਦੀਆਂ ਵੱਖ-ਵੱਖ ਸੇਵਾਵਾਂ ਤੱਕ ਪਹੁੰਚ ਆਸਾਨ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਹ ਸਮਾਰਟ ਕਾਰਡ ਯੂਨੀਵਰਸਿਟੀ ਨੂੰ ਡਿਜੀਟਲ ਗਵਰਨੈਂਸ ਵੱਲ ਲੈ ਕੇ ਜਾਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਜਿਸ ਨਾਲ ਕੈਂਪਸ ਦੀਆਂ ਸੇਵਾਵਾਂ ’ਚ ਪਾਰਦਰਸ਼ਤਾ, ਸੁਰੱਖਿਆ ਅਤੇ ਕੁਸ਼ਲਤਾ ਆਵੇਗੀ ਅਤੇ ਇਸ ਦਾ ਸਿੱਧਾ ਫਾਇਦਾ ਯੂਨੀਵਰਸਿਟੀ ਨਾਲ਼ ਜੁੜੇ ਸਮੁੱਚੇ ਭਾਈਚਾਰੇ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਇੱਕੋ ਕਾਰਡ ਯੂਨੀਵਰਸਿਟੀ ਦੇ ਆਈ-ਕਾਰਡ ਤੇ ਲਾਇਬ੍ਰੇਰੀ ਕਾਰਡ ਦੋਵਾਂ ਦਾ ਕੰਮ ਕਰੇਗਾ, ਜਿਸ ਨਾਲ ਕਾਗਜ਼ੀ ਕਾਰਵਾਈ ਘਟੇਗੀ ਅਤੇ ਕੈਂਪਸ ਨੂੰ ਵੱਡੀ ਸਹੂਲਤ ਮਿਲੇਗੀ। ਇਸ ਕਾਰਡ ਰਾਹੀਂ ਕਿਤਾਬਾਂ ਦਾ ਅਦਾਨ-ਪ੍ਰਦਾਨ ਤੇ ਲਾਇਬ੍ਰੇਰੀ ਮੈਂਬਰਸ਼ਿਪ ਦੀ ਤੁਰੰਤ ਜਾਂਚ ਬਿਨਾਂ ਕਿਸੇ ਦੇਰੀ ਦੇ ਹੋ ਸਕੇਗੀ। ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰਖਦਿਆਂ ਇਸੇ ਸਮਾਰਟ ਕਾਰਡ ਨੂੰ ਅਕਾਦਮਿਕ ਬਲਾਕਾਂ, ਲੈਬਾਂ, ਹੋਸਟਲਾਂ ਵਿਚ ਐਂਟਰੀ, ਹਾਜ਼ਰੀ ਪ੍ਰਣਾਲੀ, ਪ੍ਰੀਖਿਆ ਸੇਵਾਵਾਂ ਤੇ ਯੂਨੀਵਰਸਿਟੀ ਦੇ ਹੋਰ ਸਮਾਗਮਾਂ ਨਾਲ਼ ਵੀ ਪੜਾਅਵਾਰ ਜੋੜਿਆ ਜਾਵੇਗਾ। ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸ਼ੁਰੂ ਕੀਤਾ ਇਹ ਅਹਿਮ ਪ੍ਰੋਜੈਕਟ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਇੰਚਾਰਜ ਡਾ. ਅਮਿਤ ਮਿੱਤਲ ਵੱਲੋਂ ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਪ੍ਰੋ. ਗੁਲਸ਼ਨ ਬਾਂਸਲ ਦੇ ਸਹਿਯੋਗ ਨਾਲ ਤਿਆਰ ਅਤੇ ਲਾਗੂ ਕੀਤਾ ਗਿਆ ਹੈ। ਇਸ ਦਾ ਮਕਸਦ ਲਾਇਬ੍ਰੇਰੀ ਸੇਵਾਵਾਂ ਨੂੰ ਡਿਜੀਟਲ ਤਕਨੀਕ ਨਾਲ ਜੋੜਨਾ ਅਤੇ ਯੂਨੀਵਰਸਿਟੀ ਦੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਲਾਇਬ੍ਰੇਰੀ ਇੰਚਾਰਜ ਡਾ. ਅਮਿਤ ਮਿੱਤਲ ਨੇ ਦੱਸਿਆ ਕਿ ਇਹ ਸਿਸਟਮ ਗੈਰ-ਅਧਿਕਾਰਤ ਵਿਅਕਤੀਆਂ ਦੀ ਪਛਾਣ ਕਰ ਕੇ ਕੈਂਪਸ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਅਤੇ ਕਾਗਜ਼ ਦੀ ਵਰਤੋਂ ਘਟਾ ਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾਵੇਗਾ। ਸਮਾਗਮ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫ਼ਸਰ ਪ੍ਰੋ. ਬੀ. ਬੀ. ਸਿੰਗਲਾ, ਡੀਨ ਖੋਜ ਪ੍ਰੋ. ਰੀਤੂ ਲਹਿਲ, ਐਸੋਸੀਏਟ ਡੀਨ ਖੋਜ ਪ੍ਰੋ. ਮਿਨੀ ਸਿੰਘ ਅਤੇ ਡਾਇਰੈਕਟਰ ਯੋਜਨਾ ਤੇ ਨਿਰੀਖਣ ਪ੍ਰੋ. ਸੁਖਜੀਤ ਕੌਰ ਸਮੇਤ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।