ਪਟਿਆਲਾ ਰਾਜਪੁਰਾ ਰੋਡ ਦਾ ਹਾਲ ਮਾੜਾ, ਐੱਨਐੱਚਏਆਈ ਸੁੱਤੀ ਕੁੰਭਕਰਨੀ ਨੀਂਦ ਪਟਿਆਲਾ ਰਾਜਪੁਰਾ ਰੋਡ ਦਾ ਹਾਲ ਮਾੜਾ, ਐਨਐਚਏਆਈ ਕੁੰਭਕਰਨੀ ਨੀਂਦ ਸੁੱਤੀ ਪਈ
Publish Date: Sat, 08 Aug 2026 06:45 PM (IST)
Updated Date: Sun, 09 Aug 2026 04:03 AM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਪਟਿਆਲਾ ਰਾਜਪੁਰਾ ਰੋਡ ਦਾ ਹਾਲ ਦਿਨੋਂ ਦਿਨ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਪਰ ਇਸ ਸੜਕ ’ਤੇ ਲੱਖਾਂ ਰੁਪਏ ਟੋਲ ਟੈਕਸ ਇਕੱਠਾ ਕਰਨ ਵਾਲੀ (ਐੱਨਐੱਚਏਆਈ) ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਆਪਣੇ ਫਰਜ਼ਾ ਤੋਂ ਮੂੰਹ ਮੋੜ ਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ। (ਐੱਨਐੱਚਏਆਈ) ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੂੰ ਜਗਾਉਣ ਲਈ ਸ਼ਨਿੱਚਰਵਾਰ ਨੂੰ ਇਲਾਕੇ ਦੇ ਸਮਾਜਸੇਵੀ, ਕਿਸਾਨ ਜਥੇਬੰਦੀ ਦੇ ਆਗੂ ਅਤੇ ਹੋਰ ਮੋਹਤਬਰ ਲੋਕਾਂ ਨੇ ਮੀਟਿੰਗ ਕਰ ਕੇ ਐੱਨਐੱਚਏਆਈ ਅਤੇ ਜਿਲਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਸ ਸੜਕ ਦੀ ਸਾਰ ਨਾ ਲਈ ਗਈ ਤਾਂ ਉਨਾਂ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੇ ਜਿੰਮੇਵਾਰ ਐਨਐਚਏਆਈ ਅਤੇ ਜਿਲਾ ਪ੍ਰਸ਼ਾਸ਼ਨ ਹੋਣਗੇ। ਇਸ ਸਬੰਧੀ ਇਲਾਕੇ ਦੇ ਸਮਾਜਸੇਵੀ ਰਾਜ ਕੁਮਾਰ ਰਾਣਾ ਸ਼ੇਖਪੁਰਾ, ਸੁਰਿੰਦਰ ਸਿੰਘ ਗਿੱਲ, ਅਮਨਿੰਦਰਪਾਲ ਸਿੰਘ ਜਲਾਲਪੁਰ, ਗੁਰਧਿਆਨ ਸਿੰਘ ਭੰਗੂ, ਹਾਕਮ ਸਿੰਘ ਬਦੇਸ਼ਾ, ਬੀਕੇਯੂ ਸਿੱਧੂਪਰ ਦੇ ਆਗੂ ਸਤਪਾਲ ਸਿੰਘ ਮਹਿਮਦਪੁਰ, ਗੁਰਪ੍ਰੀਤ ਸਿੰਘ ਸੀਲ, ਬੇਅੰਤ ਸਿੰਘ ਝੂੰਗੀਆਂ, ਕ੍ਰਿਚੀਅਨ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਰਾਜੂ ਮਸੀਹ, ਕ੍ਰਿਚੀਅਨ ਵੈਲਫੇਅਰ ਬੋਰਡ ਪਟਿਆਲਾ ਦੇ ਚੇਅਰਮੈਨ ਸੰਦੀਪ ਮਸੀਹ ਨੇ ‘ਪੰਜਾਬੀ ਜਾਗਰਣ’ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਸੜਕ ਦਾ ਬਹੁਤ ਮੰਦਾ ਹਾਲ ਹੈ। ਖਾਸ ਕਰਕੇ ਬਹਾਦਰਗੜ੍ਹ ’ਚ ਫਲਾਈਓਵਰ ਨਾਲ ਲੱਗਦੀ ਸਰਵਿਸ ਰੋਡ ’ਚ ਪੁਲਿਸ ਚੌਕੀ ਬਹਾਦਰਗੜ੍ਹ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਸੜਕ ’ਚ ਗੋਡੇ ਗੋਡੇ ਡੂੰਘੇ ਟੋਏ ਪੈ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਸਾਹਮਣੇ ਪੈਟਰੋਲ ਪੰਪ ਨੇੜਲੀ ਸਰਵਿਸ ਰੋਡ ਦਾ ਬਹੁਤ ਮਾੜਾ ਹਾਲ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਟੋਇਆਂ ’ਚ ਬਰਸਾਤੀ ਪਾਣੀ ਭਰਨ ਕਾਰਨ ਟੋਏ ਨਜ਼ਰ ਨਹੀ ਆਉਂਦੇ ਹਨ ਅਤੇ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਸੜਕ ਨਾਲ ਬਣਾਏ ਨਿਕਾਸੀ ਨਾਲੇ ਬੰਦ ਹੋ ਚੁੱਕੇ ਹਨ ਅਤੇ ਸੜਕ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਟੁੱਟ ਜਾਂਦੀ ਹੈ। ਕਿਸੇ ਸਮੇਂ ਵੀ ਖਾਸ ਕਰਕੇ ਰਾਤ ਨੂੰ ਵੱਡਾ ਹਾਦਸਾ ਹੋ ਸਕਦਾ ਹੈ। ਇਸ ਤੋਂ ਇਲਾਵਾ ਰੋਡ ’ਤੇ ਲੱਗੀਆਂ ਲਾਈਟਾਂ ਸਿਰਫ ਸ਼ੋਅ ਪੀਸ ਬਣ ਕੇ ਰਹਿ ਗਈਆਂ ਹਨ, ਪੈਦਲ ਚੱਲਣ ਵਾਲਿਆਂ ਲਈ ਕੋਈ ਫੁੱਟਪਾਥ ਵੀ ਨਹੀਂ ਹੈ, ਸੜਕ ਦੀਆਂ ਸਾਈਡਾਂ ’ਤੇ ਥਾਂ ਥਾਂ ਲੱਗੀਆਂ ਰੇÇਲੰਗਾਂ ਚੋਰ ਖੋਲ ਕੇ ਲੈ ਕਏ ਹਨ। ਇਥੋਂ ਨੇੜੇ ਹੀ ਸਥਿਤ ਧਰੇੜੀ ਜੱਟਾਂ ਟੋਲ ਪਲਾਜਾ ਤੋਂ ਲੱਖਾਂ ਰੁਪਏ ਟੋਲ ਟੈਕਸ ਇਕੱਠਾ ਕਰਨ ਵਾਲੀ ਐਨਐਚਏਆਈ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਸ ਹਾਈਵੇਅ ਦੇ ਮਾੜੇ ਹਾਲਾਤ ਲਈ ਜਿਥੇ ਐਨਐਚਏਆਈ ਦੀ ਕਾਰਗੁਜਾਰੀ ’ਤੇ ਵੱਡਾ ਸਵਾਲ ਖੜਾ ਹੁੰਦਾ ਹੀ ਹੈ ਉਥੇ ਹੀ ਜਿਲਾ ਪ੍ਰਸ਼ਾਸ਼ਨ ਵੀ ਆਪਣੀ ਜਿੰਮੇਵਾਰੀ ਨਿਭਾਉਣ ’ਚ ਅਵੇਸਲਾ ਨਜ਼ਰ ਆਉਂਦਾ ਹੈ। ਸੜਕੀ ਹਾਦਸਿਆਂ ਨੂੰ ਰੋਕਣ ਲਈ ਮਾਣਯੋਗ ਸਰਬਉਚ ਅਦਾਲਤ ਵਲੋਂ ਸਮੇਂ ਸਮੇਂ ’ਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਸਾਡੀਆਂ ਸਰਕਾਰਾਂ ਇਸ ਪ੍ਰਤੀ ਕਿੰਨੀਆਂ ਕੁ ਗੰਭੀਰ ਹਨ ਇਹ ਸੜਕਾਂ ਦੀ ਮਾੜੀ ਹਾਲਤ ਅਤੇ ਨਿੱਤ ਵਾਪਰ ਰਹੇ ਭਿਆਨਕ ਹਾਦਸੇ ਖੁੱਦ ਬਿਆਨ ਕਰਦੇ ਹਨ। ਇਸ ਸਬੰਧੀ ਐੱਨਐੱਚਏਆਈ ਦੇ ਇੰਜਨੀਅਰ ਅਭਿਸ਼ੇਕ ਚੌਹਾਨ ਅਤੇ ਰੋਡ ਕੰਟਰੈਕਟਰ ਅਖਿਲੇਸ਼ ਤਿਵਾੜੀ ਨਾਲ ਫੋਨ ’ਤੇ ਕਈ ਵਾਰ ਸੰਪਰਕ ਕੀਤਾ ਪਰ ਉਨਾਂ ਫੋਨ ਨਾ ਚੁੱਕਿਆ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਆਪਣੀ ਡਿਊਟੀ ਪ੍ਰਤੀ ਕਿੰਨੇ ਕੁ ਗੰਭੀਰ ਹਨ।