- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲਾ ਰਾਜਪੁਰਾ ਰੋਡ ਦਾ ਹਾਲ ਮਾੜਾ, ਟੋਲ ਮੈਨੇਜਮੈਂਟ ਨੂੰ ਦਿੱਤਾ ਮੰਗ ਪੱਤਰ

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਪਟਿਆਲਾ ਰਾਜਪੁਰਾ ਟੋਲ ਰੋਡ ਦੀ ਮਾੜੀ ਹਾਲਤ ਖ਼ਿਲਾਫ਼ ਇਲਾਕਾ ਵਾਸੀ ਪਿਛਲੇ ਲੰਬੇ ਸਮੇਂ ਤੋਂ ਆਵਾਜ਼ ਉੱਠਾ ਰਹੇ ਹਨ। ਇਸ ਸਬੰਧੀ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਦਿਨੀਂ ਡੀਸੀ ਪਟਿਆਲਾ ਤੇ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ, ਜਿਸ ਸਬੰਧੀ ‘ਪੰਜਾਬੀ ਜਾਗਰਣ’ ਵਲੋਂ ਪ੍ਰਕਾਸ਼ਿਤ ਖਬਰਾਂ ਦਾ ਨੋਟਿਸ ਲੈਂਦਿਆਂ ਡੀਸੀ ਪਟਿਆਲਾ ਵਲੋਂ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਪਟਿਆਲਾ ਰਾਜਪੁਰਾ ਟੋਲ ਰੋਡ ਦੀ ਹਾਲਤ ਨੂੰ ਦਰੁਸਤ ਕਰਨ ਸਬੰਧੀ ਹੁਕਮ ਵੀ ਜਾਰੀ ਕੀਤੇ ਗਏ ਸਨ ਪਰ ਹਾਲੇ ਤੱਕ (ਐੱਨਐੱਚਏਆਈ) ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਹੈ। ਇਸ ਸਬੰਧੀ ਅੱਜ ਇਲਾਕਾ ਵਾਸੀਆਂ ਵਲੋਂ ਵੱਖ-ਵੱਖ ਕਿਸਾਨ ਤੇ ਵਿਦਿਆਰਥੀ ਜਥੇਬੰਦੀਆਂ ਨਾਲ ਮੀਟਿੰਗ ਕਰਨ ਉਪਰੰਤ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਟੋਲ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਇਸ ਸਬੰਧੀ ਇਲਾਕੇ ਦੇ ਸਮਾਜਸੇਵੀ ਅਮਨਿੰਦਰਪਾਲ ਸਿੰਘ ਜਲਾਲਪੁਰ ਨੇ ਦੱਸਿਆ ਕਿ ਪਟਿਆਲਾ ਰਾਜਪੁਰਾ ਟੋਲ ਰੋਡ ’ਚ ਪਏ ਵੱਡੇ ਵੱਡੇ ਖੱਡਿਆਂ, ਬੰਦ ਪਏ ਨਿਕਾਸੀ ਨਾਲਿਆਂ, ਖਰਾਬ ਲਾਈਟਾਂ ਅਤੇ ਸੜਕ ਸੁਰੱਖਿਆ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਅੱਜ ਇਲਾਕੇ ਦੀਆਂ ਵੱਖ-ਵੱਖ ਕਿਸਾਨ, ਸਮਾਜਸੇਵੀ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਹੈ। ਮੀਟਿੰਗ ’ਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਪਟਿਆਲਾ ਰਾਜਪੁਰਾ ਟੋਲ ਰੋਡ ’ਤੇ ਲੱਖਾਂ ਰੁਪਏ ਟੋਲ ਟੈਕਸ ਇਕੱਠਾ ਕਰਨ ਵਾਲੀ ਐੱਨਐੱਚਏਆਈ ਵੱਲੋਂ 21 ਸਤੰਬਰ ਤੱਕ ਇਸ ਸੜਕ ਦਾ ਟੋਲ ਰੋਡ ਦੇ ਮਾਪਦੰਡਾਂ ਅਨੁਸਾਰ ਕੰਮ ਸ਼ੁਰੂ ਨਹੀਂ ਕੀਤਾ ਗਿਆ ਤਾਂ ਇਸ ਤੋਂ ਬਾਅਦ ਸਮੁੱਚੀਆਂ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਧਰੇੜੀ ਜੱਟਾਂ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਟੋਲ ਫਰੀ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਸੜਕ ਦਾ ਬਹੁਤ ਮੰਦਾ ਹਾਲ ਹੈ। ਖਾਸ ਕਰਕੇ ਬਹਾਦਰਗੜ੍ਹ ’ਚ ਫਲਾਈ ਓਵਰ ਨਾਲ ਲਗਦੀ ਸਰਵਿਸ ਰੋਡ ’ਚ ਪੁਲਿਸ ਚੌਕੀ ਬਹਾਦਰਗੜ੍ਹ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਸੜਕ ’ਚ ਗੋਡੇ ਗੋਡੇ ਡੂੰਘੇ ਟੋਏ ਪੈ ਚੁੱਕੇ ਹਨ। ਇਸ ਮੌਕੇ ਨਰਿੰਦਰ ਸਿੰਘ ਪੀਂਡਰ ਯੂਥ ਪ੍ਰਧਾਨ ਵਾਰਿਸ ਪੰਜਾਬ ਜਥੇਬੰਦੀ, ਗੁਰਜੀਤ ਸਿੰਘ ਜੋਗੀਪੁਰ, ਜਗਦੀਪ ਸਿੰਘ ਸੂਬਾ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ, ਸਤਪਾਲ ਸਿੰਘ ਮਹਿਮਦਪੁਰ, ਜਗਦੀਪ ਸਿੰਘ, ਸਵਰਨਜੀਤ ਸਿੰਘ ਜਲਾਲਪੁਰ, ਹਾਕਮ ਸਿੰਘ ਮਹਿਮਦਪੁਰ, ਮਨਦੀਪ ਸਿੰਘ ਯੂਐਸਐਸਐਫ, ਗੁਰਪ੍ਰੀਤ ਸਿੰਘ ਸੀਲ, ਸੁਰਜੀਤ ਸਿੰਘ ਜਲਾਲਪੁਰ, ਅਮਨਦੀਪ ਸਿੰਘ ਸਨੌਰ, ਸੁਖਚੈਨ ਸਿੰਘ ਦੌਣਕਲਾਂ, ਇਤਫਾਕ ਸਿੰਘ ਮੰਡੋਲੀ ਅਤੇ ਗਮਦੂਰ ਸਿੰਘ ਰਾਇਪੁਰ ਆਦਿ ਮੌਜੂਦ ਸਨ।