ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ 2 ਮੈਂਬਰ ਕਾਬੂ, 7 ਪਿਸਤੌਲ ਤੇ 25 ਰੌਂਦ ਬਰਾਮਦ
ਪੁਲਿਸ ਪਾਰਟੀ ਬਾਦਸ਼ਾਹਪੁਰ ਦੇ ਏਰੀਏ ਵਿੱਚ ਮੌਜੂਦ ਸੀ ਤਾਂ ਗੁਪਤ ਸੂਚਨਾ ਦੇ ਆਧਾਰ 'ਤੇ ਪਟਿਆਲਾ-ਸੰਗਰੂਰ ਰੋਡ ਨੇੜੇ ਪਿੰਡ ਵਜੀਦਪੁਰ ਤੋਂ ਮਨਦੀਪ ਸਿੰਘ ਉਰਫ਼ ਫ਼ੌਜੀ ਵਾਸੀ ਪਿੰਡ ਤਲਵੰਡੀ ਬਾਧਾ (ਜ਼ਿਲ੍ਹਾ ਬਰਨਾਲਾ) ਅਤੇ ਉਸ ਦੇ ਸਾਥੀ ਗੁਰਦੀਪ ਸਿੰਘ ਉਰਫ਼ ਰੇਸ਼ਮ ਵਾਸੀ ਪਿੰਡ ਜੰਗੀਆਣਾ (ਜ਼ਿਲ੍ਹਾ ਬਰਨਾਲਾ) ਨੂੰ ਕਾਬੂ ਕੀਤਾ ਗਿਆ।
Publish Date: Mon, 07 Sep 2026 03:58 PM (IST)
Updated Date: Mon, 07 Sep 2026 04:03 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਪੁਲਿਸ ਨੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੱਧ ਪ੍ਰਦੇਸ਼ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਗਿਰੋਹ ਦੇ ਦੋ ਮੈਂਬਰਾਂ ਨੂੰ 7 ਪਿਸਤੌਲਾਂ ਅਤੇ 25 ਜ਼ਿੰਦਾ ਰੌਂਦਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਹਥਿਆਰਬੰਦ ਸੀਮਾ ਬਲ ਦਾ ਜਵਾਨ ਵੀ ਸ਼ਾਮਲ ਹੈ।
ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇੰਸਪੈਕਟਰ ਸਿਮਰਨ ਸਿੰਘ ਸ਼ੇਰਗਿੱਲ ਇੰਚਾਰਜ ਸੀ.ਆਈ.ਏ. ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਪਾਰਟੀ ਬਾਦਸ਼ਾਹਪੁਰ ਦੇ ਏਰੀਏ ਵਿੱਚ ਮੌਜੂਦ ਸੀ ਤਾਂ ਗੁਪਤ ਸੂਚਨਾ ਦੇ ਆਧਾਰ 'ਤੇ ਪਟਿਆਲਾ-ਸੰਗਰੂਰ ਰੋਡ ਨੇੜੇ ਪਿੰਡ ਵਜੀਦਪੁਰ ਤੋਂ ਮਨਦੀਪ ਸਿੰਘ ਉਰਫ਼ ਫ਼ੌਜੀ ਵਾਸੀ ਪਿੰਡ ਤਲਵੰਡੀ ਬਾਧਾ (ਜ਼ਿਲ੍ਹਾ ਬਰਨਾਲਾ) ਅਤੇ ਉਸ ਦੇ ਸਾਥੀ ਗੁਰਦੀਪ ਸਿੰਘ ਉਰਫ਼ ਰੇਸ਼ਮ ਵਾਸੀ ਪਿੰਡ ਜੰਗੀਆਣਾ (ਜ਼ਿਲ੍ਹਾ ਬਰਨਾਲਾ) ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ .30 ਬੋਰ ਦਾ 1 ਪਿਸਤੌਲ ਅਤੇ .32 ਬੋਰ ਦੇ 6 ਪਿਸਤੌਲਾਂ ਸਮੇਤ ਕੁੱਲ 25 ਰੌਂਦ ਬਰਾਮਦ ਹੋਏ। ਇਸ ਸਬੰਧੀ ਥਾਣਾ ਪਾਸਿਆਣਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਮਨਦੀਪ ਸਿੰਘ ਉਰਫ਼ ਫ਼ੌਜੀ ਐੱਸ.ਐੱਸ.ਬੀ ਦੀ 50 ਬਟਾਲੀਅਨ ਬਲਰਾਮਪੁਰ (ਯੂ.ਪੀ.) ਵਿੱਚ ਤਾਇਨਾਤ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਨੇਪਾਲ ਬਾਰਡਰ 'ਤੇ ਡਿਊਟੀ ਕਰ ਰਿਹਾ ਹੈ। ਦੋਵੇਂ ਮੁਲਜ਼ਮ ਪਹਿਲਾਂ ਵੀ ਅਸਲਾ ਐਕਟ, ਲੁੱਟ-ਖੋਹ ਅਤੇ ਲੜਾਈ-ਝਗੜਿਆਂ ਦੇ ਕੇਸਾਂ ਵਿੱਚ ਜੇਲ੍ਹ ਜਾ ਚੁੱਕੇ ਹਨ। ਜੇਲ੍ਹ ਦੌਰਾਨ ਹੀ ਇਹ ਦੂਜੇ ਅਪਰਾਧੀਆਂ ਅਤੇ ਵਿਦੇਸ਼ ਬੈਠੇ ਗੈਂਗਸਟਰਾਂ ਦੇ ਸੰਪਰਕ ਵਿੱਚ ਆਏ। ਮਨਦੀਪ ਸਿੰਘ ਫ਼ੌਜੀ ਛੁੱਟੀ ਆਉਣ ਵੇਲੇ ਮੱਧ ਪ੍ਰਦੇਸ਼ ਦੇ ਅਸਲਾ ਸਪਲਾਇਰਾਂ ਤੋਂ ਨਾਜਾਇਜ਼ ਅਸਲਾ ਖਰੀਦ ਕੇ ਪੰਜਾਬ ਦੇ ਅਪਰਾਧੀਆਂ ਨੂੰ ਮਹਿੰਗੇ ਭਾਅ ਵੇਚਦਾ ਸੀ।
ਪੁਲਿਸ ਅਨੁਸਾਰ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰਨਾਂ ਵਿਅਕਤੀਆਂ ਅਤੇ ਅਸਲੇ ਦੀ ਸਪਲਾਈ ਚੇਨ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।