ਪਟਿਆਲਾ ਪੁਲਿਸ ਦੀ ਵੱਡੀ ਕਾਮਯਾਬੀ: ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ
ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਸਿਮਰਦੀਪ ਸਿੰਘ, ਬੁੜੈਲ ਜੇਲ੍ਹ ’ਚ ਬੰਦ ਰਵਿੰਦਰ ਉਰਫ਼ ਕਾਲੀ ਬਲੋਗੀ ਦਾ ਭਤੀਜਾ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜੁਬਲੀ ਬਿਲਡਰ ਗਰੁੱਪ ਤੋਂ ਕਰੋੜਾਂ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਪੈਸੇ ਹਾਸਲ ਕਰਨ ਦੇ ਮਕਸਦ ਨਾਲ ਦਹਿਸ਼ਤ ਫੈਲਾਉਣ ਲਈ ਮੁਲਜ਼ਮ ਨੇ ਆਪਣੇ ਸਾਥੀ ਅਕਾਸ਼ਦੀਪ ਸਿੰਘ ਵਾਸੀ ਚੰਡੀਗੜ੍ਹ ਨਾਲ ਮਿਲ ਕੇ ਰੇਕੀ ਕਰਵਾਈ ਅਤੇ ਮੋਹਾਲੀ ਸਥਿਤ ਬਿਲਡਰਾਂ ਦੇ ਘਰਾਂ ’ਤੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
Publish Date: Fri, 18 Sep 2026 03:28 PM (IST)
Updated Date: Fri, 18 Sep 2026 03:30 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਰਵਿੰਦਰ ਉਰਫ਼ ਕਾਲੀ ਬਲੋਗੀ ਗੈਂਗ ਨਾਲ ਸੰਬੰਧਤ ਇੱਕ ਸ਼ੂਟਰ ਨੂੰ ਦੋ ਆਟੋਮੈਟਿਕ ਜ਼ਿਗਾਨਾ ਪਿਸਤੌਲਾਂ ਅਤੇ 8 ਜ਼ਿੰਦਾ ਰੌਂਦਾਂ ਸਮੇਤ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸਿਮਰਦੀਪ ਸਿੰਘ ਉਰਫ਼ ਜਸ਼ਨ (21 ਸਾਲ), ਵਾਸੀ ਬੱਜੂ ਮਾਜਰਾ ਕਲੋਨੀ, ਸਿਟੀ ਖਰੜ (ਜ਼ਿਲ੍ਹਾ ਮੋਹਾਲੀ) ਵਜੋਂ ਹੋਈ ਹੈ।
ਐੱਸ.ਐੱਸ.ਪੀ ਵਰੁਣਦੀਪ ਸਿੰਘ ਹਾਂਸ ਨੇ ਦੱਸਿਆ ਕਿ ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਮਸ਼ੇਰ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰਾਜਪੁਰਾ-ਪਟਿਆਲਾ ਰੋਡ ਨੇੜੇ ਪਿੰਡ ਸੇਖੂਪੁਰਾ ਤੋਂ ਸਿਮਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਥਾਣਾ ਸਦਰ ਪਟਿਆਲਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਸਿਮਰਦੀਪ ਸਿੰਘ, ਬੁੜੈਲ ਜੇਲ੍ਹ ’ਚ ਬੰਦ ਰਵਿੰਦਰ ਉਰਫ਼ ਕਾਲੀ ਬਲੋਗੀ ਦਾ ਭਤੀਜਾ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜੁਬਲੀ ਬਿਲਡਰ ਗਰੁੱਪ ਤੋਂ ਕਰੋੜਾਂ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਪੈਸੇ ਹਾਸਲ ਕਰਨ ਦੇ ਮਕਸਦ ਨਾਲ ਦਹਿਸ਼ਤ ਫੈਲਾਉਣ ਲਈ ਮੁਲਜ਼ਮ ਨੇ ਆਪਣੇ ਸਾਥੀ ਅਕਾਸ਼ਦੀਪ ਸਿੰਘ ਵਾਸੀ ਚੰਡੀਗੜ੍ਹ ਨਾਲ ਮਿਲ ਕੇ ਰੇਕੀ ਕਰਵਾਈ ਅਤੇ ਮੋਹਾਲੀ ਸਥਿਤ ਬਿਲਡਰਾਂ ਦੇ ਘਰਾਂ ’ਤੇ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਜੁਬਲੀ ਗਰੁੱਪ ਦੇ ਸਾਥੀ ਸਕਸ਼ਮ ਛਾਬੜਾ ਪਾਸੋਂ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਫ਼ਿਰੌਤੀ ਨਾ ਮਿਲਣ ’ਤੇ 4-5 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਸਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ।
ਇਸੇ ਤਰ੍ਹਾਂ ਜੁਬਲੀ ਗਰੁੱਪ ਨਾਲ ਜੁੜੇ ਬਲਜੀਤ ਸਿੰਘ ਤੋਂ ਵਟਸਐਪ ਆਡੀਓ ਮੈਸੇਜ ਰਾਹੀਂ 4 ਕਰੋੜ ਰੁਪਏ ਦੀ ਮੰਗ ਕੀਤੀ ਗਈ। ਬਾਅਦ ’ਚ 6-7 ਸਤੰਬਰ ਦੀ ਰਾਤ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਉਸਦੇ ਘਰ ’ਤੇ ਵੀ ਗੋਲੀਆਂ ਚਲਾਈਆਂ ਗਈਆਂ।
ਪੁਲਿਸ ਅਨੁਸਾਰ ਦੋਵਾਂ ਵਾਰਦਾਤਾਂ ’ਚ ਵਰਤੇ ਗਏ ਵਿਦੇਸ਼ੀ ਹਥਿਆਰ ਬਰਾਮਦ ਕਰ ਲਏ ਗਏ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਫੇਸ-11 ਮੋਹਾਲੀ ਵਿਖੇ ਪਹਿਲਾਂ ਵੀ ਸੰਗੀਨ ਧਾਰਾਵਾਂ ਤਹਿਤ ਦੋ ਕੇਸ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।