Patiala News : ਸਿਰ ’ਤੇ ਲੋਹੇ ਦਾ ਪਾਈਪ ਮਾਰ ਕੇ ਪਤਨੀ ਦੀ ਹੱਤਿਆ, ਕੁਝ ਘੰਟਿਆਂ 'ਚ ਮੁਲਜ਼ਮ ਗ੍ਰਿਫ਼ਤਾਰ
ਰਾਜਪੁਰਾ-ਪਟਿਆਲਾ ਰੋਡ ਉੱਤੇ ਸਥਿਤ ਪਿੰਡ ਖੇੜੀ ਗੰਡਿਆਂ ਵਿਚ ਸੋਮਵਾਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ’ਤੇ ਲੋਹੇ ਦਾ ਪਾਈਪ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਿਆ ਜਿਸ ਨੂੰ ਖੇੜੀ ਗੰਡਿਆਂ ਪੁਲਿਸ ਨੇ ਘੰਟਿਆਂ ਬਾਅਦ ਹੀ ਕਾਬੂ ਕਰ ਲਿਆ। ਇਸ ਦੌਰਾਨ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਥਾਣਾ ਖੇੜੀ ਗੰਡਿਆਂ ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
Publish Date: Tue, 17 Feb 2026 07:27 PM (IST)
Updated Date: Tue, 17 Feb 2026 07:30 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ-ਪਟਿਆਲਾ ਰੋਡ ਉੱਤੇ ਸਥਿਤ ਪਿੰਡ ਖੇੜੀ ਗੰਡਿਆਂ ਵਿਚ ਸੋਮਵਾਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ’ਤੇ ਲੋਹੇ ਦਾ ਪਾਈਪ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਿਆ ਜਿਸ ਨੂੰ ਖੇੜੀ ਗੰਡਿਆਂ ਪੁਲਿਸ ਨੇ ਘੰਟਿਆਂ ਬਾਅਦ ਹੀ ਕਾਬੂ ਕਰ ਲਿਆ। ਇਸ ਦੌਰਾਨ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਥਾਣਾ ਖੇੜੀ ਗੰਡਿਆਂ ਬਾਹਰ ਜੰਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਘਨੌਰ ਸਰਕਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਸਿਮਰਨਜੀਤ ਸਿੰਘ ਵਾਸੀ ਪਿੰਡ ਉਗਾਣਾ ਨੇ ਬਿਆਨ ਦਰਜ ਕਰਵਾਏ ਹਨ ਕਿ ਰਮਨਪ੍ਰੀਤ ਕੌਰ (28) ਦਾ ਵਿਆਹ ਕਰੀਬ 10 ਸਾਲ ਪਹਿਲਾਂ ਪਿੰਡ ਖੇੜੀ ਗੰਡਿਆਂ ਦੇ ਵਸਨੀਕ ਗੁਰਮੀਤ ਸਿੰਘ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਹੀ ਗੁਰਮੀਤ ਸਿੰਘ ਉਸ ਦੀ ਭੈਣ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਜਿਸ ’ਤੇ ਸੋਮਵਾਰ ਰਾਤ 8 ਵਜੇ ਦੇ ਕਰੀਬ ਪਤੀ-ਪਤਨੀ ’ਚ ਫੇਰ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਕਹਾਸੁਣੀ ਹੋਈ ਤੇ ਗੁਰਮੀਤ ਸਿੰਘ ਨੇ ਲੋਹੇ ਦੇ ਪਾਈਪ ਮਾਰ ਮਾਰ ਕੇ ਉਸ ਦੀ ਭੈਣ ਰਮਨਪ੍ਰੀਤ ਕੌਰ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀਆਂ ਦੋ ਮਾਸੂਮ 10 ਅਤੇ 8 ਸਾਲ ਦੀਆਂ ਲੜਕੀਆਂ ਹਨ।
ਡੀਐੱਸਪੀ ਚੀਮਾ ਨੇ ਦੱਸਿਆ ਕਿ ਥਾਣਾ ਖੇੜੀ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੇ ਪਤੀ ਗੁਰਮੀਤ ਸਿੰਘ ਨੂੰ ਕੁਝ ਘੰਟਿਆਂ ਵਿਚ ਹੀ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਸਿਮਰਨਜੀਤ ਸਿੰਘ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ, ਸੱਸ ਜਰਨੈਲ ਕੌਰ, ਸਹੁਰਾ ਹਾਕਮ ਸਿੰਘ, ਤਾਇਆ ਜੈਲਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।