Patiala News: ਵਿਜੀਲੈਂਸ ਨੇ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭਰਿਸ਼ਟਾਚਾਰ ਵਿਰੋਧੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਸਬ ਡਿਵੀਜ਼ਨ ਪਾਥੜਾਂ ਅਧੀਨ ਆਉਂਦੇ ਥਾਣਾ ਸ਼ੁਤਰਾਣਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਨੂੰ 18000 ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀਂ ਕਾਬੂ ਕੀਤਾ ਹੈ।
Publish Date: Tue, 02 Jun 2026 08:16 PM (IST)
Updated Date: Tue, 02 Jun 2026 08:21 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭਰਿਸ਼ਟਾਚਾਰ ਵਿਰੋਧੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਸਬ ਡਿਵੀਜ਼ਨ ਪਾਥੜਾਂ ਅਧੀਨ ਆਉਂਦੇ ਥਾਣਾ ਸ਼ੁਤਰਾਣਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਨੂੰ 18000 ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀਂ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਪਿੰਡ ਬਕਰਾਹਾ ਵਾਸੀ ਗੁਰਬਾਜ ਸਿੰਘ ਵੱਲੋਂ ਵਿਜੀਲੈਂਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਸਦੀ ਭੂਆ ਕੁਲਦੀਪ ਕੌਰ ਪਤਨੀ ਸਵਰਗੀ ਜਗਮੇਲ ਸਿੰਘ ਵਾਸੀ ਪਿੰਡ ਨਾਈਵਾਲਾ ਦਾ ਬੀਤੀ ਪਹਿਲੀ ਮਈ ਨੂੰ ਗੁਆਂਢੀਆਂ ਨਾਲ ਲੜਾਈ ਝਗੜਾ ਹੋ ਗਿਆ ਸੀ। ਇਸ ਦੌਰਾਨ ਕੁਲਦੀਪ ਕੌਰ ਅਤੇ ਇਸਦੀ ਲੜਕੀ ਨੂੰ ਜ਼ਿਆਦਾ ਸੱਟਾਂ ਵੱਜਣ ਕਰਕੇ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਇਲਾਜ ਲਈ ਲੈ ਗਏ, ਜਿੱਥੇ ਡਾਕਟਰ ਸਾਹਿਬਾਨ ਨੇ ਉਹਨਾਂ ਦੇ ਹਾਲਾਤ ਨੂੰ ਦੇਖਦੇ ਹੋਏ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਸੀ। ਜਿੱਥੇ ਡਾਕਟਰਾਂ ਵੱਲੋਂ ਇਲਾਜ ਕਰਦੇ ਹੋਏ ਲੜਾਈ ਝਗੜੇ ਦਾ ਕੇਸ ਹੋਣ ਕਾਰਨ ਇਸ ਦੀ ਸੂਚਨਾ ਸਬੰਧਤ ਪੁਲਿਸ ਥਾਣਾ ਸ਼ੁਤਰਾਣਾ ਵਿਖੇ ਦਿੱਤੀ ਗਈ ਅਤੇ ਲੱਗੀਆਂ ਸੱਟਾਂ ਦੀ ਐੱਮਐੱਲਆਰ ਕੱਟੀ ਗਈ ਸੀ। ਥਾਣਾ ਸ਼ੁਤਰਾਣਾ ਤੋਂ ਏਐਸਆਈ ਜਸਵਿੰਦਰ ਸਿੰਘ ਉਹਨਾਂ ਦੇ ਬਿਆਨ ਲੈਣ ਲਈ ਆਇਆ ਸੀ।
ਸ਼ਿਕਾਇਤਕਰਤਾ ਅਨੁਸਾਰ ਉਹ ਏਐੱਸਆਈ ਜਸਵਿੰਦਰ ਸਿੰਘ ਨੂੰ ਵਾਰ-ਵਾਰ ਮਿਲਿਆ ਜੋ ਉਸ ਨੂੰ ਧਮਕਾਉਂਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਜੇ ਤੂੰ ਅਤੇ ਤੇਰੀ ਭੂਆ ਮੇਰੇ ਕਹਿਣ ਮੁਤਾਬਿਕ ਚੱਲੋਗੇ ਤਾਂ ਮੈਂ ਤੁਹਾਡਾ ਕੇਸ ਕਮਜ਼ੋਰ ਕਰ ਦੇਵਾਂਗਾ ਅਤੇ ਦੂਜੀ ਧਿਰ ਖਿਲਾਫ ਕਾਨੂੰਨੀ ਕਾਰਵਾਈ ਕਰ ਦੇਵਾਂਗਾ। ਜੇਕਰ ਤੁਸੀਂ ਕਹੇ ਅਨੁਸਾਰ ਨਹੀਂ ਚਲੋਂਗੇ ਤਾਂ ਤੁਹਾਡੇ ਵਿਰੁੱਧ ਕਾਰਵਾਈ ਕਰ ਦੇਵਾਂਗਾ।
ਅਗਰ ਤੁਸੀਂ ਵਿਰੋਧੀ ਧਿਰ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਬਦਲੇ ਮੈਨੂੰ 20,000/- ਰੁਪਏ ਦੇਣੇ ਪੈਣਗੇ ਤਾਂ ਮੁੱਦਈ ਉਕਤ ਨੇ ਕਿਹਾ ਕਿ ਉਸਦੀ ਵੀ ਭੂਆ ਦੇ ਪਹਿਲਾਂ ਹੀ ਸੱਟਾਂ ਬਹੁਤ ਲੱਗੀਆਂ ਹਨ ਅਤੇ ਅਸੀਂ ਗਰੀਬ ਵਿਅਕਤੀ ਹਾਂ ਏਨੀ ਰਕਮ ਨਹੀਂ ਦੇ ਸਕਦੇ। ਇਸ ਦੌਰਾਨ 18000 ਵਿੱਚ ਸੌਦਾ ਤੈਅ ਹੋ ਗਿਆ ਤੇ ਮੁੱਦਈ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਕੋਲ ਕੀਤੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਦੀ ਟੀਮ ਨੇ ਏਐਸਆਈ ਜਸਵਿੰਦਰ ਸਿੰਘ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ।