- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਪਟਿਆਲਾ ਦੌਰੇ ਦੌਰਾਨ ਪਾਰਟੀ ਅੰਦਰੂਨੀ ਖਿੱਚੋਤਾਣ ਅਤੇ ਗੜਬੜੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਪਟਿਆਲਾ ਦੌਰੇ ਦੌਰਾਨ ਪਾਰਟੀ ਅੰਦਰੂਨੀ ਖਿੱਚੋਤਾਣ ਅਤੇ ਗੜਬੜੀ ਦਾ ਮਾਹੌਲ ਦੇਖਣ ਨੂੰ ਮਿਲਿਆ। ਪਟਿਆਲਾ ਵਿਖੇ ਬੂਥ ਇੰਚਾਰਜਾਂ ਅਤੇ ਚੋਣਵੇਂ ਆਗੂਆਂ ਨਾਲ ਸੰਗਠਨਾਤਮਕ ਮੀਟਿੰਗ ਕਰਨ ਪਹੁੰਚੇ ਸਿਸੋਦੀਆ ਦੇ ਪ੍ਰੋਗਰਾਮ ਦੌਰਾਨ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਕੌਂਸਲਰ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਆਪਣੇ ਹੀ ਵਰਕਰਾਂ ਨੇ ਆਗੂਆਂ ਨੂੰ ਧੱਕੇ ਮਾਰੇ ਅਤੇ ਕੌਂਸਲਰ ਪਾਲੀ ਨੂੰ ਬਾਹਰ ਕੱਢ ਦਿੱਤਾ ਗਿਆ।
ਸਿਰਫ਼ ਸੱਦੇ ਗਏ ਆਗੂਆਂ ਦੀ ਸੀ ਐਂਟਰੀ
ਜਾਣਕਾਰੀ ਅਨੁਸਾਰ ਮਨੀਸ਼ ਸਿਸੋਦੀਆ ਵੱਲੋਂ ਜ਼ਿਲ੍ਹਾ ਪੱਧਰ 'ਤੇ ਸੰਗਠਨ ਦੀ ਮਜ਼ਬੂਤੀ ਲਈ ਬੂਥ ਇੰਚਾਰਜਾਂ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ। ਪ੍ਰਬੰਧਕਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਮੀਟਿੰਗ ਹਾਲ ਦੇ ਅੰਦਰ ਸਿਰਫ਼ ਉਹੀ ਆਗੂ ਦਾਖ਼ਲ ਹੋ ਸਕਣਗੇ ਜਿਨ੍ਹਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਹਨ। ਪਰ ਜਦੋਂ ਸ਼ਹਿਰ ਦੇ ਕੌਂਸਲਰ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ ਤਾਂ ਗੇਟ 'ਤੇ ਤਾਇਨਾਤ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੌਰਾਨ ਬਹਿਸਬਾਜ਼ੀ ਵਧ ਗਈ ਅਤੇ ਆਪਣੇ ਹੀ ਪਾਰਟੀ ਆਗੂਆਂ ਨੇ ਸਾਥੀਆਂ ਨੂੰ ਰੋਕਣ ਲਈ ਧੱਕਾਮੁੱਕੀ ਸ਼ੁਰੂ ਕਰ ਦਿੱਤੀ।
ਕੌਂਸਲਰ ਪਾਲੀ ਨੂੰ ਹਾਲ ਵਿੱਚੋਂ ਕੱਢਿਆ ਬਾਹਰ
ਮਾਹੌਲ ਉਸ ਵੇਲੇ ਹੋਰ ਤਣਾਅਪੂਰਨ ਹੋ ਗਿਆ ਜਦੋਂ ਕੌਂਸਲਰ ਪਾਲੀ ਅੰਦਰ ਜਾਣ ਲਈ ਅੜ ਗਏ। ਗੇਟ ’ਤੇ ਹੀ ਖੜ੍ਹੇ ਦੂਸਰੇ ਕੌਂਸਲਰ ਨੇ ਪਾਲੀ ਨੂੰ ਅੰਦਰ ਨਾ ਆਉਣ ਦਿੱਤਾ ਅਤੇ ਵਿਧਾਇਕ ਦੇ ਪੀਏ ਨੂੰ ਵੀ ਬਾਹਰ ਕਰ ਦਿੱਤਾ ਗਿਆ।
ਸ਼ਹਿਰ ਵਿਚ ਚਰਚਾ
ਮਨੀਸ਼ ਸਿਸੋਦੀਆ ਦੀ ਮੀਟਿੰਗ ਵਿੱਚ 'ਆਪਣਿਆਂ ਵੱਲੋਂ ਆਪਣਿਆਂ ਨੂੰ ਧੱਕੇ ਮਾਰਨ' ਦੀ ਇਸ ਘਟਨਾ ਨੇ ਜਿਥੇ ਪਟਿਆਲਾ ਇਕਾਈ ਅੰਦਰ ਚੱਲ ਰਹੀ ਨਾਰਾਜ਼ਗੀ ਨੂੰ ਜੱਗ ਜ਼ਾਹਿਰ ਕੀਤਾ ਹੈ ਉਥੇ ਹੀ ਇਸ ਘਟਨਾ ਦਾ ਅਸਲ ਸੱਚ ਜਾਣਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।