Patiala News : ਘਨੌਰ ਹਲਕੇ 'ਚ ਅਵਾਰਾ ਤੇ ਹਲਕੇ ਕੁੱਤਿਆਂ ਦਾ ਕਹਿਰ, 6 ਬੱਚਿਆਂ ਸਣੇ 7 ਲੋਕਾਂ ਨੂੰ ਬਣਾਇਆ ਨਿਸ਼ਾਨਾ
ਹਲਕਾ ਘਨੌਰ ਦੇ ਪਿੰਡ ਸੋਨੇਮਾਜਰਾ ਵਿੱਚ ਆਵਾਰਾ ਅਤੇ ਹਲਕੇ ਕੁੱਤਿਆਂ ਦਾ ਖੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਪਿੰਡ ਸੋਨੇਮਾਜਰਾ ਵਿੱਚ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ 6 ਮਾਸੂਮ ਬੱਚਿਆਂ ਅਤੇ 1 ਔਰਤ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
Publish Date: Mon, 30 Mar 2026 07:31 PM (IST)
Updated Date: Mon, 30 Mar 2026 07:34 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਪਿੰਡ ਸੋਨੇਮਾਜਰਾ ਵਿੱਚ ਆਵਾਰਾ ਅਤੇ ਹਲਕੇ ਕੁੱਤਿਆਂ ਦਾ ਖੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਪਿੰਡ ਸੋਨੇਮਾਜਰਾ ਵਿੱਚ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ 6 ਮਾਸੂਮ ਬੱਚਿਆਂ ਅਤੇ 1 ਔਰਤ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਘਨੌਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਅੱਗੇ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਜ਼ਖ਼ਮੀਆਂ ਦੀ ਪਛਾਣ ਮਹਰੀਨ (4), ਅਨਮੋਲ (10), ਆਦਿਲ ਖਾਨ (2.5 ਸਾਲ), ਆਈਸਾ (9), ਗੁਰਵਿੰਦਰ ਸਿੰਘ (14), ਨਕਸ਼ ਸ਼ਰਮਾ (9) ਅਤੇ ਇਕ ਔਰਤ ਸੁਖਵਿੰਦਰ ਕੌਰ (36) ਵਜੋਂ ਹੋਈ ਹੈ।
ਪੀੜਤ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਕੁੱਤੇ ਦੇ ਵੱਢਣ ਤੋਂ ਬਚਾਅ ਲਈ ਲੱਗਣ ਵਾਲਾ ਟੀਕਾ ਹਸਪਤਾਲ ਵਿੱਚ ਉਪਲਬਧ ਨਹੀਂ ਸੀ ਅਤੇ ਉਨ੍ਹਾਂ ਨੂੰ ਕਰੀਬ 2700 ਰੁਪਏ ਪ੍ਰਤੀ ਟੀਕਾ ਬਾਹਰੋਂ ਮੰਗਵਾਉਣ ਲਈ ਕਿਹਾ ਗਿਆ। ਜ਼ਿਆਦਾਤਰ ਪੀੜਤ ਪਰਿਵਾਰ ਬਹੁਤ ਗਰੀਬ ਹਨ ਅਤੇ ਦਿਹਾੜੀ ਕਰ ਕੇ ਗੁਜ਼ਾਰਾ ਕਰਦੇ ਹਨ, ਇਸ ਕਰਕੇ ਇੰਨਾ ਮਹਿੰਗਾ ਇਲਾਜ ਕਰਵਾਉਣਾ ਉਨ੍ਹਾਂ ਲਈ ਔਖਾ ਹੈ।
ਇਸ ਸਮੱਸਿਆ ਨੂੰ ਦੇਖਦੇ ਹੋਏ ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਪਿੰਡ ਸੋਨੇਮਾਜਰਾ ਪਹੁੰਚ ਕੇ
ਮੌਕੇ ਦੀ ਜਾਂਚ ਕੀਤੀ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਸਪਤਾਲ ਦੇ ਉੱਚ ਅਧਿਕਾਰੀਆਂ ਤੇ ਡਾਕਟਰਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਪੀੜਤ ਬੱਚਿਆਂ ਦੇ ਇਲਾਜ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ ਅਤੇ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਵੇ।
ਇਸ ਸਬੰਧੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਐਮ.ਐਸ. ਡਾ. ਵਿਸ਼ਾਲ ਚੋਪੜਾ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ਾਂ ਨੂੰ ਕੁਆਇਨ ਵੈਕਸੀਨ ਲਾਈ ਜਾਂਦੀ ਹੈ, ਜੋ ਹਸਪਤਾਲ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਜਾਂ ਰਿਐਕਸ਼ਨ ਦੇ ਖ਼ਤਰੇ ਵਾਲੇ ਮਰੀਜ਼ਾਂ ਨੂੰ ਕਈ ਵਾਰ ਹਿਊਮੈਨ ਸੀਰਮ ਵੈਕਸੀਨ ਲਾਉਣੀ ਪੈਂਦੀ ਹੈ, ਜਿਸ ਦੀ ਸਰਕਾਰੀ ਸਪਲਾਈ ਨਹੀਂ ਹੁੰਦੀ। ਇਸ ਮਾਮਲੇ ਵਿੱਚ ਦੋ ਮਰੀਜ਼ਾਂ ਨੂੰ ਹੀ ਇਹ ਵੈਕਸੀਨ ਲਾਈ ਗਈ ਹੈ, ਜਦਕਿ ਬਾਕੀ ਸਾਰੇ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਵੱਲੋਂ ਮੁਫ਼ਤ ਵੈਕਸੀਨ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ਼ 0.1 ਫੀਸਦੀ ਮਾਮਲਿਆਂ ਵਿੱਚ ਹੀ ਹਿਊਮੈਨ ਸੀਰਮ ਵੈਕਸੀਨ ਦੀ ਲੋੜ ਪੈਂਦੀ ਹੈ।