- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸੰਬੰਧਿਤ ਜੋਨ ਗੁਲਾਹੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਬੀਬੀ ਗੁਰਜੀਤ ਕੌਰ ਦੇ ਸਪੁੱਤਰ ਸਰਪੰਚ ਬਚਿੱਤਰ ਸਿੰਘ ਵੜੈਚ ਦੇ ਸੰਗਰੂਰ ਰੋਡ ਤੇ ਬਣੇ ਮੈਰਿਜ ਪੈਲੇਸ ਅਤੇ ਸ਼ਰਾਬ ਦੇ ਠੇਕਿਆਂ ਉੱਤੇ ਐਕਸਾਈਜ, ਪੁੱਡਾ ਅਤੇ ਪਾਵਰਕਾਮ ਦੀਆਂ ਟੀਮਾਂ ਵੱਲੋਂ ਅਚਨਚੇਤੀ ਛਾਪੇਮਾਰੀ ਕੀਤੀ ਗਈ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸੰਬੰਧਿਤ ਜੋਨ ਗੁਲਾਹੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਬੀਬੀ ਗੁਰਜੀਤ ਕੌਰ ਦੇ ਸਪੁੱਤਰ ਸਰਪੰਚ ਬਚਿੱਤਰ ਸਿੰਘ ਵੜੈਚ ਦੇ ਸੰਗਰੂਰ ਰੋਡ ਤੇ ਬਣੇ ਮੈਰਿਜ ਪੈਲੇਸ ਅਤੇ ਸ਼ਰਾਬ ਦੇ ਠੇਕਿਆਂ ਉੱਤੇ ਐਕਸਾਈਜ, ਪੁੱਡਾ ਅਤੇ ਪਾਵਰਕਾਮ ਦੀਆਂ ਟੀਮਾਂ ਵੱਲੋਂ ਅਚਨਚੇਤੀ ਛਾਪੇਮਾਰੀ ਕੀਤੀ ਗਈ।
ਲੰਬਾ ਸਮਾਂ ਚੱਲੀ ਇਸ ਛਾਪੇਮਾਰੀ ਮਗਰੋਂ ਹਲਕਾ ਸ਼ੁਤਰਾਣਾ ਦੀ ਸਿਆਸਤ ਗਰਮਾ ਗਈ। ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਚਿੱਤਰ ਸਿੰਘ ਵੜੈਚ ਉੱਤੇ ਕੀਤੀ ਗਈ ਇਸ ਛਾਪੇਮਾਰੀ ਨੂੰ ਲੈ ਕੇ ਦਲ ਦੇ ਆਗੂ ਉਹਨਾਂ ਦੀ ਪਿੱਠ ਉੱਤੇ ਆ ਗਏ ਹਨ। ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਅਤੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਡੀਟੀਓ ਕਰਨ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ ਮੌਲਵੀਵਾਲਾ ਉੱਤੇ ਬੁਖਲਾਹਟ ਵਿੱਚ ਆ ਕੇ ਘਟੀਆ ਰਾਜਨੀਤੀ ਕਰਦਿਆਂ ਛਾਪੇਮਾਰੀ ਕਰਵਾਉਣ ਦੇ ਇਲਜ਼ਾਮ ਲਗਾਏ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਅਤੇ ਬਾਬੂ ਕਬੀਰ ਦਾਸ ਨੇ ਕਿਹਾ ਹੈ ਕਿ ਬਚਿੱਤਰ ਸਿੰਘ ਵੜੈਚ ਅਕਾਲੀ ਦਲ ਦਾ ਜੁਝਾਰੂ ਸਿਪਾਹੀ ਹੈ ਅਤੇ ਪਿਛਲੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਕੇ ਉਸਨੇ ਆਪ ਆਗੂ ਨਵਲਦੀਪ ਸਿੰਘ ਮੌਲਵੀਵਾਲਾ ਨੂੰ ਭਾਰੀ ਵੋਟਾਂ ਨਾਲ ਹਰਾਇਆ। ਹਾਰ ਨੂੰ ਬਰਦਾਸ਼ਤ ਨਾ ਕਰਦਿਆਂ ਡੀਟੀਓ ਕਰਨ ਸਿੰਘ ਅਤੇ ਨਵਲਦੀਪ ਸਿੰਘ ਨੇ ਮੈਰਿਜ ਪੈਲਸ ਉੱਤੇ ਛਾਪੇਮਾਰੀ ਕਰਵਾਈ ਹੈ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਚਿੱਤਰ ਸਿੰਘ ਵੜੈਚ ਵੱਲੋਂ ਰੱਖੇ ਗਏ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜ ਕੇ ਥਾਪੜਾ ਦਿੱਤਾ।
ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ ਪਰ ਇਸ ਵਾਰ ਇਹ ਕੰਧ ਤੇ ਲਿਖਿਆ ਪੜ੍ਹ ਚੁੱਕੇ ਹਨ ਜਿਸਨੂੰ ਮਹਿਸੂਸ ਕਰਦੇ ਹੋਏ ਇਸਦੇ ਆਗੂ ਘਟੀਆ ਰਾਜਨੀਤੀਆਂ ਉੱਤੇ ਉਤਰ ਆਏ ਹਨ। ਦੇਰ ਸ਼ਾਮ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਬਚਿੱਤਰ ਸਿੰਘ ਵੜੈਚ ਨੂੰ ਮਾਨਸਿਕ ਤੌਰ ਉਤੇ ਪਰੇਸ਼ਾਨ ਕਰਨ ਦੇ ਮਕਸਦ ਨਾਲ ਸਰਕਾਰ ਦੇ ਇਸ਼ਾਰੇ ਉੱਤੇ ਕੀਤੀ ਗਈ ਇਸ ਛਾਪੇਮਾਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਅਗਰ ਅਜਿਹੀ ਘਨੌਣੀ ਕਾਰਵਾਈ ਕਰਨ ਦੀ ਮੂੜ ਕੋਸ਼ਿਸ਼ ਕੀਤੀ ਗਈ ਤਾਂ ਅਕਾਲੀ ਦਲ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੁਲਦੀਪ ਸਿੰਘ ਨਸੂਪੁਰ, ਪੀਏਡੀਬੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਅਜੈਬ ਸਿੰਘ ਮੱਲੀ, ਤੇਜਵੀਰ ਸਿੰਘ ਖਾਂਗ, ਨਿਸ਼ਾਨ ਸਿੰਘ ਸਮਾਣਾ ਅਤੇ ਗੋਪਾਲ ਦਾਸ ਆਦਿ ਹਾਜ਼ਰ ਸਨ।
ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਅਤੇ ਸੀਨੀਅਰ ਆਪ ਆਗੂ ਡੀਟੀਓ ਕਰਨ ਸਿੰਘ ਅਤੇ ਆਪ ਦੇ ਜਿਲ੍ਹਾ ਪ੍ਰਧਾਨ ਨਵਲਦੀਪ ਸਿੰਘ ਮੌਲਵੀਵਾਲਾ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਲੂੰਬਾ ਪਰਿਵਾਰ ਨੇ ਨਾ ਤਾਂ ਅਜਿਹੀ ਘਟੀਆ ਤੇ ਸੌੜੀ ਸਿਆਸਤ ਕਦੇ ਕੀਤੀ ਹੈ ਤੇ ਨਾ ਹੀ ਉਹ ਅਜਿਹੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਮਾਮਲੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ। ਅਕਾਲੀ ਦਲ ਨਾਲ ਸੰਬੰਧਿਤ ਕੁਝ ਲੋਕ ਜਾਣ ਬੁਝ ਕੇ ਘਟੀਆ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿਭਾਗਾਂ ਵੱਲੋਂ ਸਮੇਂ ਸਮੇਂ ਤੇ ਅਜਿਹੀਆਂ ਛਾਪੇਮਾਰੀਆਂ ਕਰਕੇ ਅਕਸਰ ਚੈਕਿੰਗ ਕੀਤੀ ਜਾਂਦੀ ਹੈ। ਬਚਿੱਤਰ ਸਿੰਘ ਵੱਲੋਂ ਚਲਾਏ ਜਾ ਰਹੇ ਮੈਰਿਜ ਪੈਲਸ ਵਿੱਚ ਅਗਰ ਕੋਈ ਕਮੀ ਨਹੀਂ ਹੈ ਤਾਂ ਉਹ ਦਿੱਤੇ ਗਏ ਨੋਟਿਸ ਅਨੁਸਾਰ ਦਸਤਾਵੇਜ਼ ਮਹਿਕਮਿਆਂ ਸਾਹਮਣੇ ਪੇਸ਼ ਕਰ ਸਕਦੇ ਹਨ।