- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਡਲ ਟਾਊਨ ਚੌਕੀ ਅਧੀਨ ਆਉਂਦੇ ਖਾਲਸਾ ਕਾਲਜ ਨੇੜੇ ਬੀਤੀ ਰਾਤ ਬਲਿੰਕਿਟ ਚਾਲਕ ਅਤੇ ਬੁਲੇਟ ਸਵਾਰ (ਮੋਟਰਸਾਈਕਲ ਸਵਾਰਾਂ) ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ• ਪਟਿਆਲਾ : ਮਾਡਲ ਟਾਊਨ ਚੌਕੀ ਅਧੀਨ ਆਉਂਦੇ ਖਾਲਸਾ ਕਾਲਜ ਨੇੜੇ ਬੀਤੀ ਰਾਤ ਬਲਿੰਕਿਟ ਚਾਲਕ ਅਤੇ ਬੁਲੇਟ ਸਵਾਰ (ਮੋਟਰਸਾਈਕਲ ਸਵਾਰਾਂ) ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਿੰਸ (19) ਵਾਸੀ ਖਨੌਰੀ, ਹਾਲ ਵਾਸੀ ਇੰਦਰਪੁਰਾ ਕਾਲੋਨੀ, ਪਟਿਆਲਾ ਅਤੇ ਗਗਨਪ੍ਰੀਤ ਸਿੰਘ (23) ਵਾਸੀ ਪ੍ਰਤਾਪ ਨਗਰ, ਪਟਿਆਲਾ ਵਜੋਂ ਹੋਈ ਹੈ। ਹਾਦਸਾ ਸ਼ਨੀਵਾਰ ਰਾਤ ਕਰੀਬ 10 ਵਜੇ ਤੋਂ ਬਾਅਦ ਵਾਪਰਿਆ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਰਾਜਿੰਦਰਾ ਹਸਪਤਾਲ ਪਹੁੰਚਾਈਆਂ, ਜਿੱਥੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ। ਪ੍ਰਿੰਸ 12ਵੀਂ ਪਾਸ ਸੀ ਅਤੇ ਬਲਿੰਕਿਟ ਲਈ ਡਿਲੀਵਰੀ ਦਾ ਕੰਮ ਕਰਦਾ ਸੀ, ਜਦਕਿ ਗਗਨਪ੍ਰੀਤ ਸਿੰਘ ਨੇ ਬੀਏ ਪਾਸ ਕੀਤੀ ਹੋਈ ਸੀ ਅਤੇ ਇਨ੍ਹੀਂ ਦਿਨੀਂ ਨੌਕਰੀ ਦੀ ਭਾਲ ਕਰ ਰਿਹਾ ਸੀ। ਜਾਂਚ ਅਧਿਕਾਰੀ ਏਐਸਆਈ ਭਾਰਤ ਭੂਸ਼ਣ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਤੇਜ਼ ਰਫ਼ਤਾਰ ਕਾਰਨ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ।
ਪੁਲਿਸ ਅਨੁਸਾਰ ਪ੍ਰਿੰਸ ਬਲਿੰਕਿਟ ਨਾਲ ਡਿਲੀਵਰੀ ਦਾ ਕੰਮ ਕਰਦਾ ਸੀ ਅਤੇ ਹਾਦਸੇ ਵਾਲੀ ਰਾਤ ਵੀ ਕੰਮ ਲਈ ਜਾ ਰਿਹਾ ਸੀ। ਦੂਜੇ ਪਾਸੇ ਬੁਲੇਟ ਸਵਾਰ ਗਗਨਪ੍ਰੀਤ ਸਿੰਘ ਵੀ ਤੇਜ਼ ਰਫ਼ਤਾਰ ਨਾਲ ਬਡੂੰਗਰ ਰੋਡ ਵੱਲ ਜਾ ਰਿਹਾ ਸੀ। ਖਾਲਸਾ ਕਾਲਜ ਨੇੜੇ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਨੌਜਵਾਨ ਦੀ ਲੱਤ ਵੱਖ ਹੋ ਗਈ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਐਂਬੂਲੈਂਸ ਨੂੰ ਸੂਚਿਤ ਕੀਤਾ।
ਇਸ ਘਟਨਾ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਅਤੇ ਐਂਬੂਲੈਂਸ ਨੂੰ ਫੋਨ ਕਰਨ ਦੇ ਬਾਵਜੂਦ ਕਰੀਬ ਇੱਕ ਘੰਟੇ ਤੱਕ ਕੋਈ ਮੌਕੇ ’ਤੇ ਨਹੀਂ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਦੂਜੇ ਨੇ ਹਸਪਤਾਲ ਪਹੁੰਚਦੇ ਹੀ ਦਮ ਤੋੜ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਾਹਨਾਂ ਦੀ ਟੱਕਰ ਦੀ ਲਪੇਟ ਵਿੱਚ ਇੱਕ ਤੀਜਾ ਪੈਦਲ ਰਾਹਗੀਰ ਵੀ ਆ ਗਿਆ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ। ਦੋਵਾਂ ਨੌਜਵਾਨਾਂ ਵੱਲੋਂ ਹੈਲਮਟ ਨਾ ਪਹਿਨੇ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।