- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛਾਪੇਮਾਰੀ ਦਾ ਪਤਾ ਲੱਗਦਿਆ ਹੀ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਪੈਟਰੋਲ ਪੰਪ ਉੱਤੇ ਪਹੁੰਚ ਗਏ ਅਤੇ ਉਨਾਂ ਛਾਪੇਮਾਰੀ ਨੂੰ ਸਰਕਾਰੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਾਫੀ ਦੇਰ ਤੱਕ ਟੀਮ ਨੂੰ ਚੈਕਿੰਗ ਕਰਨ ਤੋਂ ਰੋਕੀ ਰੱਖਿਆ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਬਚਿੱਤਰ ਸਿੰਘ ਵੜੈਚ ਦੇ ਮੈਰਿਜ ਪੈਲਸ ਉੱਤੇ ਕੁਝ ਦਿਨ ਪਹਿਲਾਂ ਹੋਈ ਛਾਪੇਮਾਰੀ ਨੂੰ ਲੈ ਕੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਚੱਲ ਰਹੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚਕਾਰ ਚੱਲ ਰਹੀ ਸਿਆਸੀ ਤੀਰਅੰਦਾਜ਼ੀ ਦੌਰਾਨ ਮੰਗਲਵਾਰ ਦੇਰ ਸ਼ਾਮ ਫੂਡ ਸਪਲਾਈ ਵਿਭਾਗ ਅਤੇ ਨਾਪ ਤੋਲ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਕਾਰਵਾਈ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਦੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਨਰਵਾਣਾ ਰੋਡ ਤੇ ਸਥਿਤ ਪੈਟਰੋਲ ਪੰਪ ਉੱਤੇ ਛਾਪੇਮਾਰੀ ਕੀਤੀ ਗਈ।
ਛਾਪੇਮਾਰੀ ਦਾ ਪਤਾ ਲੱਗਦਿਆ ਹੀ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਪੈਟਰੋਲ ਪੰਪ ਉੱਤੇ ਪਹੁੰਚ ਗਏ ਅਤੇ ਉਨਾਂ ਛਾਪੇਮਾਰੀ ਨੂੰ ਸਰਕਾਰੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਾਫੀ ਦੇਰ ਤੱਕ ਟੀਮ ਨੂੰ ਚੈਕਿੰਗ ਕਰਨ ਤੋਂ ਰੋਕੀ ਰੱਖਿਆ। ਚੈਕਿੰਗ ਕਰਨ ਵਾਲੀ ਟੀਮ ਅਤੇ ਅਕਾਲੀ ਆਗੂਆਂ ਵਿਚਕਾਰ ਕਾਫੀ ਦੇਰ ਤੱਕ ਚੱਲੀ ਖਿੱਚੋਤਾਣ ਮਗਰੋਂ ਨਾਪਤੋਲ ਵਿਭਾਗ ਦੇ ਇੰਸਪੈਕਟਰ ਸੰਜੀਵ ਅਰੋੜਾ ਅਤੇ ਸੁਖਵਿੰਦਰ ਸਿੰਘ ਨੇ ਪੈਟਰੋਲ ਪੰਪ ਉੱਤੇ ਤੇਲ ਪਾਉਣ ਵਾਲੀਆਂ ਨਿਊਜ਼ਲਾਂ ਦੀ ਚੈਕਿੰਗ ਕਰਦਿਆਂ ਤੇਲ ਦੀ ਮਿਣਤੀ ਕੀਤੀ।
ਇਸ ਦੌਰਾਨ ਫੂਡ ਸਪਲਾਈ ਵਿਭਾਗ ਦੀ ਏਐਫਐਸਓ ਨਾਭਾ ਪੰਕਜ ਠਾਕੁਰ ਦੀ ਅਗਵਾਈ ਵਿੱਚ ਪੁੱਜੀ ਟੀਮ ਵਿੱਚ ਸ਼ਾਮਿਲ ਇੰਸਪੈਕਟਰ ਮੋਨੂ ਮੋਦਗਿਲ, ਇੰਸਪੈਕਟਰ ਹਰਪਾਲ ਸਿੰਘ ਅਤੇ ਇੰਸਪੈਕਟਰ ਸੁਮੀਤ ਸ਼ਰਮਾ ਨੇ ਪੈਟਰੋਲ ਪੰਪ ਦਾ ਰਿਕਾਰਡ ਚੈੱਕ ਕਰਨ ਮਗਰੋਂ ਸਬੰਧਤ ਧਿਰ ਨੂੰ ਪੇਪਰ ਪੇਸ਼ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਮੌਕੇ ਉੱਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਰੋਧੀ ਧਿਰਾਂ ਨੂੰ ਜਬਰ ਅਤੇ ਜੋਰ ਦੇ ਸਿਰ ਤੇ ਦਬਾਉਣ ਦੇ ਰਾਹ ਉੱਤੇ ਚੱਲੀ ਹੋਈ ਹੈ। ਸਿਆਸੀ ਕਿੜਾਂ ਕੱਢਣ ਦਾ ਦੋਸ਼ ਲਾਉਂਦਿਆਂ ਉਹਨਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿੱਚ ਕਦੇ ਵੀ ਅਜਿਹੀ ਘਟੀਆ ਰਾਜਨੀਤੀ ਨਾ ਤਾਂ ਹਰਿਆਊ ਪਰਿਵਾਰ ਨੇ ਕੀਤੀ ਹ ਤੇ ਨਾ ਹੀ ਉਹ ਇਸ ਸਰਕਾਰੀ ਜਬਰ ਨੂੰ ਸਹਿਣ ਕਰਨਗੇ।
ਉਹਨਾਂ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਕਰਕੇ ਸੱਤਾਧਾਰੀ ਧਿਰਾਂ ਦਾ ਮਕਸਦ ਕਾਰੋਬਾਰ ਬੰਦ ਕਰਵਾਉਣਾ ਹੈ ਕਿਉਂਕਿ ਉਹਨਾਂ ਦੇ ਪੰਪ ਉੱਤੇ ਇੱਕ ਹਫਤਾ ਪਹਿਲਾਂ ਵੀ ਅਜਿਹੀ ਛਾਪੇਮਾਰੀ ਕਰਕੇ ਰਾਤ 12 ਵਜੇ ਤੱਕ ਇੰਡੀਅਨ ਆਇਲ ਕੰਪਨੀ ਦੇ ਅਧਿਕਾਰੀਆਂ ਨੂੰ ਪੰਪ ਸੀਲ ਕਰਨ ਲਈ ਦਬਾਅ ਪਾਇਆ ਜਾਂਦਾ ਰਿਹਾ। ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਇਮਾਨਦਾਰੀ ਨਾਲ ਆਪਣੇ ਕਾਰੋਬਾਰ ਕਰ ਰਿਹਾ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਆਮ ਆਦਮੀ ਦੀ ਸਰਕਾਰ ਵਿੱਚ ਵਿਰੋਧੀਆਂ ਨੂੰ ਦਬਾਉਣ ਲਈ ਸ਼ਰੇਆਮ ਸਰਕਾਰੀ ਤੰਤਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਏਡੀਬੀ ਪਾਤੜਾਂ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਯੂਥ ਆਗੂ ਬਚਿੱਤਰ ਸਿੰਘ ਵੜੈਚ, ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਅਜੈਬ ਸਿੰਘ ਮੱਲੀ, ਫਤਿਹ ਸਿੰਘ ਜੋਗੇਵਾਲਾ, ਤੇਜਵੀਰ ਸਿੰਘ ਖਾਂਗ ਆਦਿ ਹਾਜ਼ਰ ਸਨ।
ਚੈਕਿੰਗ ਟੀਮ ਦੀ ਅਗਵਾਈ ਕਰ ਰਹੇ ਏਐਫਐਸਓ ਨਾਭਾ ਪੰਕਜ ਠਾਕੁਰ ਅਤੇ ਨਾਪਤੋਲ ਵਿਭਾਗ ਦੇ ਇੰਸਪੈਕਟਰ ਸੰਜੀਵਾ ਅਰੋੜਾ ਨੇ ਦੱਸਿਆ ਕਿ ਨਾਪਤੋਲ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਤੇਲ ਪਾਉਣ ਦੀ ਮਾਤਰਾ ਬਿਲਕੁਲ ਸਹੀ ਸਾਬਤ ਹੋਈ ਹੈ ਜਦੋਂ ਕਿ ਪੈਟਰੋਲ ਪੰਪ ਚਲਾਉਣ ਵਾਲਿਆਂ ਵੱਲੋਂ ਪੇਸ਼ ਰਿਕਾਰਡ ਨੂ ਡੁੰਘਾਈ ਨਾਲ ਵਾਚਿਆ ਜਾਵੇਗਾ ਅਤੇ ਜਿਹੜਾ ਰਿਕਾਰਡ ਅਧੂਰਾ ਹੈ ਉਸ ਨੂੰ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਜਾਵੇਗਾ।