- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਵਿੱਚ ਅੱਜ ਸਵੇਰੇ ਪਈ ਭਾਰੀ ਬਰਸਾਤ ਕਾਰਨ ਖੇਤਾਂ ਤੋਂ ਮੰਡੀਆਂ ਤੱਕ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੀਂਹ ਦੀ ਭੇਟ ਚੜ੍ਹ ਗਈ। ਭਾਰੀ ਬਰਸਾਤ ਅਤੇ ਝੱਖੜ ਕਾਰਨ ਝੋਨੇ ਅਤੇ ਬਾਸਮਤੀ ਦੀ ਪੱਕਣ ਕਿਨਾਰੇ ਖੜ੍ਹੀ ਫਸਲ ਵੱਡੀ ਪੱਧਰ ਉੱਤੇ ਧਰਤੀ ਉੱਤੇ ਵਿਛ ਗਈ ਉੱਥੇ ਵਢਾਈ ਮਗਰੋਂ ਮੰਡੀ ਵਿੱਚ ਪੁੱਜੀ ਫਸਲ ਢੇਰੀਆਂ ਤੇ ਬੋਰੀਆਂ ਦੇ ਰੂਪ ਵਿੱਚ ਮੀਂਹ ਦੀ ਲਪੇਟ ਵਿੱਚ ਆਉਣ ਕਰਕੇ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ,ਪਾਤੜਾਂ : ਇਲਾਕੇ ਵਿੱਚ ਅੱਜ ਸਵੇਰੇ ਪਈ ਭਾਰੀ ਬਰਸਾਤ ਕਾਰਨ ਖੇਤਾਂ ਤੋਂ ਮੰਡੀਆਂ ਤੱਕ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੀਂਹ ਦੀ ਭੇਟ ਚੜ੍ਹ ਗਈ। ਭਾਰੀ ਬਰਸਾਤ ਅਤੇ ਝੱਖੜ ਕਾਰਨ ਝੋਨੇ ਅਤੇ ਬਾਸਮਤੀ ਦੀ ਪੱਕਣ ਕਿਨਾਰੇ ਖੜ੍ਹੀ ਫਸਲ ਵੱਡੀ ਪੱਧਰ ਉੱਤੇ ਧਰਤੀ ਉੱਤੇ ਵਿਛ ਗਈ ਉੱਥੇ ਵਢਾਈ ਮਗਰੋਂ ਮੰਡੀ ਵਿੱਚ ਪੁੱਜੀ ਫਸਲ ਢੇਰੀਆਂ ਤੇ ਬੋਰੀਆਂ ਦੇ ਰੂਪ ਵਿੱਚ ਮੀਂਹ ਦੀ ਲਪੇਟ ਵਿੱਚ ਆਉਣ ਕਰਕੇ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਤੋਂ ਦੁਪਹਿਰ ਕਰੀਬ 2 ਵਜੇ ਤੱਕ ਪਏ ਭਾਰੀ ਬਰਸਾਤ ਦੀ ਵਜਹਾ ਕਰਕੇ ਵੱਡੀ ਪੱਧਰ ਉੱਤੇ ਫਸਲਾਂ ਧਰਤੀ ਉੱਤੇ ਵਿਛ ਗਈਆਂ। ਦੂਜੇ ਪਾਸੇ ਮੰਡੀ ਵਿੱਚ ਵਿਕਣ ਆਈ ਫਸਲ ਦੀਆਂ ਖੁੱਲੇ ਅਸਮਾਨ ਵਿੱਚ ਪਈਆਂ ਢੇਰੀਆਂ ਮੀਂਹ ਵਿੱਚ ਭਿੱਜ ਗਈਆਂ ਉੱਥੇ ਵਪਾਰੀਆਂ ਵੱਲੋਂ ਖਰੀਦ ਕੀਤੀ ਗਈ ਬਾਸਮਤੀ ਬੋਰੀਆਂ ਵਿੱਚ ਭਰੀ ਫਸਲ ਵੀ ਪਾਣੀ ਵਿੱਚ ਭਿੱਜ ਗਈ ਜਿਸ ਕਾਰਨ ਵਪਾਰੀ ਵਰਗ ਨੂੰ ਵੀ ਵੱਡੇ ਪੱਧਰ ਉੱਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਪਿੰਡ ਰਸੌਲੀ ਦੇ ਕਿਸਾਨ ਜਗਸੀਰ ਸਿੰਘ ਧਾਲੀਵਾਲ ਸੰਤੋਖ ਸਿੰਘ ਜਸਵਿੰਦਰ ਸਿੰਘ ਸ਼ੁਤਰਾਣਾ ਅਤੇ ਦੀਦਾਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਖੇਤਾਂ ਵਿੱਚ ਲਗਾਈਆਂ ਗਈਆਂ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ 1509 ਅਤੇ 1692 ਸਮੇਤ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਤੇਜ਼ ਹਨੇਰੀ ਅਤੇ ਮੀਂਹ ਕਾਰਨ ਜ਼ਮੀਨ ’ਤੇ ਵਿਛ ਗਈਆਂ ਹਨ ਜਿਸ ਕਾਰਨ ਝੋਨੇ ਅਤੇ ਬਾਸਮਤੀ ਦੇ ਝਾੜ ਵਿੱਚ ਵੱਡੇ ਪੱਧਰ ਉੱਤੇ ਗਿਰਾਵਟ ਆਉਣ ਦਾ ਡਰ ਸਤਾ ਰਿਹਾ ਹੈ। ਉਹਨਾਂ ਦੱਸਿਆ ਕਿ ਬਰਸਾਤ ਕਾਰਨ ਡਿੱਗੀ ਫਸਲ ਵਿੱਚ ਜਿੱਥੇ ਦਾਣਾ ਕਾਲਾ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਉੱਥੇ ਧੁੱਪ ਲੱਗਣ ਦੀ ਸੂਰਤ ਵਿੱਚ ਕਾਲੇ ਅਤੇ ਭੂਰੇ ਤੇਲੇ ਸਮੇਤ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵੀ ਫਸਲਾਂ ਵਿੱਚ ਵੱਧ ਜਾਂਦਾ ਹੈ।
ਇਸ ਦੌਰਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਡਿਪਟੀ ਜਨਰਲ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘਾਟੇ ਵਿੱਚ ਚੱਲ ਰਹੀ ਕਿਸਾਨੀ ਨੂੰ ਇਸ ਵਾਰ ਬਾਸਮਤੀ ਦੇ ਰੇਟਾਂ ਵਿੱਚ ਆਈ ਤੇਜ਼ੀ ਕਾਰਨ ਰਾਹਤ ਦੀ ਕੁਝ ਆਸ ਵੱਜੀ ਸੀ ਪਰ ਕੁਦਰਤ ਦੀ ਆਫਤ ਦੇ ਚਲਦਿਆਂ ਨੁਕਸਾਨ ਦਾ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਬਰਸਾਤ ਕਾਰਨ ਬਦਰੰਗ ਹੋਏ ਦਾਣੇ ਦੇ ਮਾਮਲੇ ਵਿੱਚ ਸਰਕਾਰ ਨੂੰ ਤੁਰੰਤ ਐਲਾਨ ਕਰਦਿਆਂ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ।