Patiala News : ਸਮਾਣਾ ਵਿਖੇ ਧਰਨੇ ਲਈ ਜਾ ਰਹੇ ਕਿਸਾਨ ਪੁਲਿਸ ਨੇ ਹਿਰਾਸਤ 'ਚ ਲਏ
ਮੰਗਲਵਾਰ ਨੂੰ ਸਮਾਣਾ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਹਿਰਾਸਤ ਵਿੱਚ ਲੈ ਲਿਆ।
Publish Date: Tue, 24 Feb 2026 05:40 PM (IST)
Updated Date: Tue, 24 Feb 2026 05:42 PM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਮੰਗਲਵਾਰ ਨੂੰ ਸਮਾਣਾ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਹਿਰਾਸਤ ਵਿੱਚ ਲੈ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਮਹਿਮਦਪੁਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਮਾਣਾ ਵਿਖੇ 400 ਫੁੱਟ ਉਚੇ ਟਾਵਰ 'ਤੇ ਬੈਠ ਕੇ ਗੁਰਜੀਤ ਸਿੰਘ ਖ਼ਾਲਸਾ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਨੂੰ ਪੁਲਿਸ ਨੇ ਇਥੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਰੇਤੇ ਦੇ ਟਿੱਪਰ ਲਾ ਕੇ ਰੋਕ ਲਿਆ ਅਤੇ ਹਿਰਾਸਤ ਵਿੱਚ ਲੈ ਕੇ ਭੁੰਨਰਹੇੜੀ ਪੁਲਿਸ ਚੌਕੀ ਵਿਖੇ ਲੈ ਗਏ ਜਿਨ੍ਹਾਂ ਨੂੰ ਸ਼ਾਮ ਛੱਡਿਆ ਗਿਆ।
ਇਸ ਮੌਕੇ ਜਗਜੀਤ ਸਿੰਘ ਅਲੂਣਾ ਜ਼ਿਲ੍ਹਾ ਪ੍ਰਧਾਨ, ਜਸਵਿੰਦਰ ਸਿੰਘ ਟਿਵਾਣਾ, ਦਲਜੀਤ ਸਿੰਘ ਚਮਾਰੂ, ਰਾਮ ਆਸਰਾ ਨੂਰਖੇੜੀਆਂ, ਗੁਰਪ੍ਰੀਤ ਸਿੰਘ ਸੀਲ, ਗੁਰਚਰਨ ਸਿੰਘ ਜੌਲਾ, ਗੁਰਚਰਨ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ।