- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਭਾਰਤੀ ਖੇਡਾਂ ਦੇ ਭਵਿੱਖ ਲਈ ਵਿਗਿਆਨਕ, ਖੋਜ-ਆਧਾਰਿਤ ਅਤੇ ਬਹੁ-ਵਿਭਾਗੀ ਪਹੁੰਚ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ‘ਮਨੁੱਖੀ ਕਾਰਗੁਜ਼ਾਰੀ ਅਤੇ ਖੇਡਾਂ ਵਿਚ ਉੱਤਮਤਾ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਦੇਸ਼ ਭਰ ਦੀਆਂ ਸੰਸਥਾਵਾਂ ਤੋਂ 300 ਤੋਂ ਵੱਧ ਡੈਲੀਗੇਟਾਂ, ਅਕਾਦਮਿਕ ਮਾਹਿਰਾਂ, ਖੋਜਾਰਥੀਆਂ, ਕੋਚਾਂ, ਖੇਡ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਭਾਰਤੀ ਖੇਡਾਂ ਦੇ ਭਵਿੱਖ ਲਈ ਵਿਗਿਆਨਕ, ਖੋਜ-ਆਧਾਰਿਤ ਅਤੇ ਬਹੁ-ਵਿਭਾਗੀ ਪਹੁੰਚ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ, ਗਵਾਲੀਅਰ ਦੇ ਸਾਬਕਾ ਵਾਈਸ ਚਾਂਸਲਰ ਸੀਨੀਅਰ ਪ੍ਰੋ. ਦਲੀਪ ਕੁਮਾਰ ਦੁਰੇਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਨ ਤੋਂ ਲੈ ਕੇ ਵਿਸ਼ਵ ਪੱਧਰੀ ਉੱਤਮਤਾ ਹਾਸਲ ਕਰਨ ਤੱਕ ਖਿਡਾਰੀ-ਕੇਂਦਰਿਤ ਅਤੇ ਵਿਗਿਆਨਕ ਪਹੁੰਚ ਅਪਣਾਉਣ ਦੀ ਲੋੜ ਦੱਸੀ।
ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋ. ਸ਼ਿਆਮਲ ਕੋਲੇ ਅਤੇ ਸਪੋਰਟਸ ਯੂਨੀਵਰਸਿਟੀ ਆਫ ਹਰਿਆਣਾ ਦੇ ਪ੍ਰੋ. ਯੋਗੇਸ਼ ਚੰਦਰ ਠਾਕੁਰ ਨੇ ਵੀ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੌਰਾਨ ਸੱਤ ਸਮਾਨਾਂਤਰ ਵਿਗਿਆਨਕ ਤੇ ਤਕਨੀਕੀ ਸੈਸ਼ਨਾਂ ਵਿਚ 125 ਖੋਜ ਪੱਤਰ ਅਤੇ 100 ਵਿਗਿਆਨਕ ਪੋਸਟਰ ਪੇਸ਼ ਕੀਤੇ ਗਏ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਅਤੇ ਸੰਚਾਲਨ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ ਨੇ ਕੀਤਾ। ਇਨ੍ਹਾਂ ਵਿਚ ਡਾ. ਪੰਕਜਪ੍ਰੀਤ ਸਿੰਘ, ਡਾ. ਸੁਪ੍ਰੀਤ ਬਿੰਦਰਾ, ਡਾ. ਮਨੋਹਰ ਲਾਲ, ਡਾ. ਪੁਸ਼ਪਦੀਪ ਸਿੰਘ, ਡਾ. ਜਤਿੰਦਰ ਮੁੰਜਾਲ, ਡਾ. ਕਲਪਨਾ ਜ਼ੁਤਸ਼ੀ, ਡਾ. ਸੱਜਣ ਪਾਲ ਯਾਦਵ, ਡਾ. ਪ੍ਰਵੀਨ ਕੁਮਾਰ, ਡਾ. ਰਾਕੇਸ਼ ਸ੍ਰੀਨਿਵਾਸਨ ਭਾਰਤੀ ਅਤੇ ਡਾ. ਰਾਹੁਲ ਦੇਵ ਚੌਧਰੀ ਸ਼ਾਮਲ ਸਨ।