
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੇਡ ਮੈਦਾਨਾਂ ਵਿੱਚ ਵਾਲੀਬਾਲ, ਫੁੱਟਬਾਲ, ਕ੍ਰਿਕਟ ਅਤੇ ਹੋਰ ਰਵਾਇਤੀ ਖੇਡਾਂ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਵੱਖ-ਵੱਖ ਖੇਡ ਤੇ ਸਰੀਰਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮੈਦਾਨ ਪਿੰਡਾਂ ਵਿੱਚ ਭਾਈਚਾਰਕ ਸਾਂਝ ਅਤੇ ਏਕਤਾ ਦੇ ਕੇਂਦਰ ਵੀ ਬਣਨਗੇ।

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਵਿੱਚ ਖੇਡਾਂ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡਾਂ ਵਿੱਚ ਬਣਾਏ ਜਾ ਰਹੇ 509 ਮਾਡਲ ਖੇਡ ਗਰਾਊਂਡਾਂ ਨੂੰ ਲੋਕ ਅਰਪਿਤ ਕਰਦਿਆਂ ਸਬ ਡਵੀਜ਼ਨ ਪਾਤੜਾਂ ਦੇ ਪਿੰਡ ਦੇਧਨਾ ਵਿਖੇ ਬਣਾਏ ਗਏ ਖੇਡ ਗਰਾਊਂਡ ਦਾ ਉਦਘਾਟਨ ਕਰਨ ਮਗਰੋਂ ਅਨਾਜ ਮੰਡੀ ਘੱਗਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਪੇਂਡੂ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਮਿਲਣਗੀਆਂ ਅਤੇ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਨੂੰ ਵੀ ਮਜ਼ਬੂਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਰਾਹੀਂ ਨੌਜਵਾਨਾਂ ਨੂੰ ‘ਨਸ਼ਿਆਂ ਨੂੰ ਨਾਂਹ, ਖੇਡਾਂ ਨੂੰ ਹਾਂ’ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਸੂਬੇ ਭਰ ਵਿੱਚ 3100 ਆਧੁਨਿਕ ‘ਪੇਂਡੂ ਖੇਡ ਮੈਦਾਨ’ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਲਈ 1500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਤਹਿਤ ਸਮਰਪਿਤ ਕੀਤੇ ਗਏ 509 ਖੇਡ ਮੈਦਾਨਾਂ ਵਿੱਚੋਂ 43 ਲੁਧਿਆਣਾ, 41 ਮਾਨਸਾ, 36 ਸੰਗਰੂਰ, 34-34 ਬਠਿੰਡਾ ਅਤੇ ਪਟਿਆਲਾ, 33 ਸ੍ਰੀ ਮੁਕਤਸਰ ਸਾਹਿਬ ਅਤੇ 32 ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ‘ਪੇਂਡੂ ਖੇਡ ਮੈਦਾਨ’ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਉਣਗੇ। ਉਭਰਦੇ ਖਿਡਾਰੀਆਂ ਲਈ ਇਹ ਮੈਦਾਨ ਆਸ ਅਤੇ ਮੌਕਿਆਂ ਦੇ ਕੇਂਦਰ ਬਣਨਗੇ।
ਖੇਡ ਮੈਦਾਨਾਂ ਵਿੱਚ ਵਾਲੀਬਾਲ, ਫੁੱਟਬਾਲ, ਕ੍ਰਿਕਟ ਅਤੇ ਹੋਰ ਰਵਾਇਤੀ ਖੇਡਾਂ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਵੱਖ-ਵੱਖ ਖੇਡ ਤੇ ਸਰੀਰਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮੈਦਾਨ ਪਿੰਡਾਂ ਵਿੱਚ ਭਾਈਚਾਰਕ ਸਾਂਝ ਅਤੇ ਏਕਤਾ ਦੇ ਕੇਂਦਰ ਵੀ ਬਣਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਦਾਨਾਂ ਵਿੱਚ ਰਾਤ ਸਮੇਂ ਖੇਡਾਂ ਲਈ ਹਾਈ-ਮਾਸਟ ਲਾਈਟਾਂ, ਵਾਕਿੰਗ ਟਰੈਕਾਂ ਦੇ ਨਾਲ ਫੁੱਟਲਾਈਟਾਂ, ਚੇਨ-ਲਿੰਕ ਫੈਂਸਿੰਗ, ਫੁੱਟਬਾਲ ਗੋਲਪੋਸਟ, ਵਾਲੀਬਾਲ ਪੋਲ ਅਤੇ ਬੱਚਿਆਂ ਲਈ ਝੂਲੇ ਆਦਿ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਮੈਦਾਨਾਂ ਦੇ ਆਲੇ-ਦੁਆਲੇ ਹਰਿਆਲੀ ਵਧਾਉਣ ਲਈ ਪੌਦੇ ਵੀ ਲਗਾਏ ਜਾ ਰਹੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਵਿੱਚ ਜਿਸ ਖੇਡ ਦੀ ਵਧੇਰੇ ਪ੍ਰਸਿੱਧੀ ਹੋਵੇਗੀ, ਉਸੇ ਅਨੁਸਾਰ ਖਿਡਾਰੀਆਂ ਨੂੰ ਖੇਡ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਜੇ ਕਿਸੇ ਪਿੰਡ ਵਿੱਚ ਕ੍ਰਿਕਟ ਵਧੇਰੇ ਖੇਡੀ ਜਾਂਦੀ ਹੈ ਤਾਂ ਉੱਥੇ ਕ੍ਰਿਕਟ ਕਿੱਟ ਦਿੱਤੀ ਜਾਵੇਗੀ ਅਤੇ ਹੋਰ ਖੇਡਾਂ ਲਈ ਵੀ ਉਸੇ ਤਰ੍ਹਾਂ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਨੇ ਸਾਲ 2026 ਨੂੰ ਖੇਡਾਂ ਅਤੇ ਖਿਡਾਰੀਆਂ ਨੂੰ ਸਮਰਪਿਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ 3100 ਪੇਂਡੂ ਖੇਡ ਮੈਦਾਨ ਮੁਕੰਮਲ ਕਰਨ ਦਾ ਟੀਚਾ ਹੈ। ਇਸ ਦੇ ਨਾਲ ਹੀ ਪੇਂਡੂ ਜਿੰਮ ਵੀ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 500 ਜਿੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਲਗਭਗ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ ਵਿੱਚ ਕਰਵਾਈ ਜਾ ਰਹੀ ਹੈ, ਜਿਸ ਦੇ ਮੈਚ ਅਕਤੂਬਰ-ਨਵੰਬਰ ਦੌਰਾਨ ਜਲੰਧਰ ਅਤੇ ਮੋਹਾਲੀ ਵਿੱਚ ਹੋਣਗੇ। ਇਸ ਤੋਂ ਇਲਾਵਾ ਆਈਪੀਐਲ ਦੀ ਤਰਜ਼ ’ਤੇ ਟੀ-20 ਕ੍ਰਿਕਟ ਲੀਗ ਵੀ ਪੰਜਾਬ ਵਿੱਚ ਕਰਵਾਈ ਜਾ ਰਹੀ ਹੈ, ਜਿਸ ਦੇ ਮੁਕਾਬਲੇ 30 ਅਗਸਤ ਤੋਂ 13 ਸਤੰਬਰ ਤੱਕ ਪੀਸੀਏ ਸਟੇਡੀਅਮ, ਮੋਹਾਲੀ ਵਿੱਚ ਹੋਣਗੇ।
ਉਨ੍ਹਾਂ ਕਿਹਾ ਕਿ ਖੇਡਾਂ ਪੰਜਾਬ ਦੀ ਸ਼ਾਨਦਾਰ ਵਿਰਾਸਤ ਦਾ ਅਹਿਮ ਹਿੱਸਾ ਹਨ। ਸਾਲ 2023 ਵਿੱਚ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ, ਜਿਸ ਤਹਿਤ ਖੇਡ ਬਜਟ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ ਸਿਖਲਾਈ ਤੇ ਤਿਆਰੀ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਡਾਂ ਲਈ 1744 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਸਾਲ 2022 ਤੋਂ ਹੁਣ ਤੱਕ 40,415 ਖਿਡਾਰੀਆਂ ਨੂੰ 135 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ। ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ੀਅਨ ਤੇ ਕਾਮਨਵੈਲਥ ਖੇਡਾਂ ਦੀ ਤਿਆਰੀ ਲਈ 8 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 85 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 11 ਖਿਡਾਰੀਆਂ ਨੂੰ ਪੀਸੀਐਸ/ਡੀਐਸਪੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਖੇਡ ਨੀਤੀਆਂ ਦਾ ਮਕਸਦ ਪੰਜਾਬ ਵਿੱਚ ਮਜ਼ਬੂਤ ਖੇਡ ਢਾਂਚਾ ਤਿਆਰ ਕਰਨਾ, ਪਿੰਡ ਪੱਧਰ ’ਤੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਲੋੜੀਂਦੀਆਂ ਸਹੂਲਤਾਂ ਤੇ ਮੌਕੇ ਪ੍ਰਦਾਨ ਕਰਨਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡ ਮੰਤਰੀ ਤਰਨਪ੍ਰੀਤ ਸਿੰਘ ਸੋਂਦ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ, ਡੀਟੀਓ ਕਰਨ ਸਿੰਘ, ਆਪ ਦੇ ਸ਼ਹਿਰੀ ਪ੍ਰਧਾਨ ਪਟਿਆਲਾ ਨਵਲਦੀਪ ਸਿੰਘ ਮੌਲਵੀਵਾਲਾ, ਮਾਰਕੀਟ ਕਮੇਟੀ ਚੇਅਰਮੈਨ ਮਹਿੰਗਾ ਸਿੰਘ ਬਰਾੜ ਅਤੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਹਾਜ਼ਰ ਸਨ।
ਸਾਡੀ ਲੜਾਈ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਬੇਰੁਜ਼ਗਾਰੀ ਵਿਰੁੱਧ : ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੀ ਲੜਾਈ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਬੇਰੁਜ਼ਗਾਰੀ ਵਿਰੁੱਧ ਹੈ, ਜਦਕਿ ਵਿਰੋਧੀ ਪਾਰਟੀਆਂ ਸਿਰਫ਼ ਕੁਰਸੀ ਦੀ ਲੜਾਈ ਲੜ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੱਖੜੀ ਬੰਧਨ ਮੌਕੇ ਨਵੀਆਂ ਰਜਿਸਟ੍ਰੇਸ਼ਨਾਂ ਮੁਕੰਮਲ ਕਰਨ ਵਾਲੀਆਂ ਭੈਣਾਂ ਦੇ ਖਾਤਿਆਂ ਵਿੱਚ ‘ਸਨਮਾਨ ਰਾਸ਼ੀ’ ਜਮ੍ਹਾਂ ਕਰਵਾਈ ਜਾਵੇਗੀ।