- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਘਨੌਰੀ ਖੇੜਾ ਦੇ ਰਹਿਣ ਵਾਲੇ 40 ਸਾਲਾ ਮਹਿੰਦਰਾ ਪਿਕਅੱਪ ਚਾਲਕ ਟੀਟੂ ਰਾਮ ਪੁੱਤਰ ਹਰਮੇਸ਼ ਸਿੰਘ ਦੀ ਲਾਸ਼ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਵਿੱਚੋਂ ਜਨਸੂਈ ਹੈੱਡ ਨੇੜਿਓਂ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪਿੰਡ ਘਨੌਰੀ ਖੇੜਾ ਦੇ ਰਹਿਣ ਵਾਲੇ 40 ਸਾਲਾ ਮਹਿੰਦਰਾ ਪਿਕਅੱਪ ਚਾਲਕ ਟੀਟੂ ਰਾਮ ਪੁੱਤਰ ਹਰਮੇਸ਼ ਸਿੰਘ ਦੀ ਲਾਸ਼ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਵਿੱਚੋਂ ਜਨਸੂਈ ਹੈੱਡ ਨੇੜਿਓਂ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਤਾਉਂਦਿਆਂ ਇਨਸਾਫ਼ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੀ ਦੇਹ ਗੱਡੀ ਵਿੱਚ ਰੱਖ ਕੇ ਥਾਣਾ ਘਨੌਰ ਦੇ ਬਾਹਰ ਧਰਨਾ ਲਾਇਆ ਗਿਆ ਅਤੇ ਘਨੌਰ-ਪਟਿਆਲਾ ਸੜਕ ਨੂੰ ਜਾਮ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਟੀਟੂ ਰਾਮ 6 ਸਤੰਬਰ ਨੂੰ ਸਵੇਰੇ ਕਰੀਬ 10 ਵਜੇ ਆਪਣੀ ਪਿਕਅੱਪ ਗੱਡੀ ਲੈ ਕੇ ਕੰਮ ਲਈ ਘਰੋਂ ਨਿਕਲਿਆ ਸੀ। ਕਰੀਬ ਇੱਕ ਘੰਟੇ ਬਾਅਦ ਉਸ ਨੇ ਪਰਿਵਾਰ ਨੂੰ ਜਲਦ ਵਾਪਸ ਆਉਣ ਦੀ ਗੱਲ ਆਖੀ ਸੀ, ਪਰ ਉਹ ਵਾਪਸ ਨਹੀਂ ਆਇਆ। ਸ਼ਾਮ ਸਮੇਂ ਉਸ ਦੀ ਗੱਡੀ ਬਘੌਰਾ ਨਹਿਰ ਪੁਲ ਨੇੜੇ ਲਾਵਾਰਿਸ ਹਾਲਤ ਵਿੱਚ ਮਿਲੀ। ਗੱਡੀ ਦੇ ਨੇੜੇ ਉਸ ਦੀਆਂ ਚੱਪਲਾਂ ਵੀ ਪਈਆਂ ਹੋਈਆਂ ਸਨ। ਇਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਜਨਸੂਈ ਹੈੱਡ ਨੇੜਿਓਂ ਨਹਿਰ ਵਿੱਚੋਂ ਬਰਾਮਦ ਹੋਈ।
ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਗਿਆ ਕਿ ਘਟਨਾ ਤੋਂ ਕਰੀਬ 8-10 ਦਿਨ ਪਹਿਲਾਂ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਆੜ੍ਹਤੀ ਦੱਸਦਿਆਂ ਟੀਟੂ ਰਾਮ ਤੋਂ ਪੈਸੇ ਲੈਣ ਦੀ ਗੱਲ ਕੀਤੀ ਸੀ। ਪਰਿਵਾਰ ਅਨੁਸਾਰ ਜਾਂਦੇ ਸਮੇਂ ਉਨ੍ਹਾਂ ਵੱਲੋਂ ਧਮਕੀ ਦਿੱਤੀ ਗਈ ਸੀ ਕਿ ‘‘ਨਾ ਤੁਹਾਡੀ ਗੱਡੀ ਰਹੇਗੀ, ਨਾ ਤੁਹਾਡਾ ਬੰਦਾ ਰਹੇਗਾ।’’ ਇਸ ਕਾਰਨ ਪਰਿਵਾਰ ਨੇ ਟੀਟੂ ਰਾਮ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟੇ ਜਾਣ ਦਾ ਸ਼ੱਕ ਪ੍ਰਗਟਾਇਆ ਹੈ।
ਧਰਨੇ ਦੌਰਾਨ ਮ੍ਰਿਤਕ ਦੀ ਸਾਲ਼ੀ ਡਾ. ਲੱਛਮੀ ਦੇਵੀ ਨੇ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਟੀਟੂ ਰਾਮ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਰਹੀ, ਪਰ ਪੁਲਿਸ ਵੱਲੋਂ ਲੋੜੀਂਦੀ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਨੌਜਵਾਨਾਂ ਨੇ ਖੁਦ ਮਿਹਨਤ ਕਰਕੇ ਨਹਿਰ ਵਿੱਚੋਂ ਲਾਸ਼ ਬਰਾਮਦ ਕੀਤੀ।
ਮਾਮਲੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਘਨੌਰ ਦੇ ਐਸ.ਐਚ.ਓ. ਸਬ-ਇੰਸਪੈਕਟਰ ਗੁਰਮੁਖ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਪੁਲਿਸ ਵੱਲੋਂ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਡੀ.ਐਸ.ਪੀ. ਘਨੌਰ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਘਨੌਰ ਵਿਖੇ ਐਫ.ਆਈ.ਆਰ. ਨੰਬਰ 89 ਦਰਜ ਕੀਤੀ ਗਈ ਹੈ। ਅਣਪਛਾਤੇ ਵਿਅਕਤੀਆਂ ਖ਼ਿਲਾਫ਼ BNS ਦੀ ਧਾਰਾ 103(1), 351(2) ਅਤੇ 3(5) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।