- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਬਰਿੰਦਰ ਕੁਮਾਰ ਬਿੱਟੂ ਨੇ ਭਾਦਸੋਂ ਦੇ ਇਕ ਬਦਨਾਮ ਚਿੱਟਾ ਵਿਕ੍ਰੇਤਾ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਚਿੱਟਾ ਵੇਚਦੇ ਨੂੰ ਫੜਿਆ ਤੇ ਉਸ ਤੋਂ ਫੜੇ ਚਿੱਟੇ ਅਤੇ ਸਬੂਤਾਂ ਸਮੇਤ ਥਾਣਾ ਭਾਦਸੋਂ ਪੁਲਿਸ ਦੇ ਹਵਾਲੇ ਕੀਤਾ ਹੈ ।

ਮਹਿੰਦਰਪਾਲ ਬੱਬੀ, ਭਾਦਸੋਂ : ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਬਰਿੰਦਰ ਕੁਮਾਰ ਬਿੱਟੂ ਨੇ ਭਾਦਸੋਂ ਦੇ ਇਕ ਬਦਨਾਮ ਚਿੱਟਾ ਵਿਕ੍ਰੇਤਾ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਚਿੱਟਾ ਵੇਚਦੇ ਨੂੰ ਫੜਿਆ ਤੇ ਉਸ ਤੋਂ ਫੜੇ ਚਿੱਟੇ ਅਤੇ ਸਬੂਤਾਂ ਸਮੇਤ ਥਾਣਾ ਭਾਦਸੋਂ ਪੁਲਿਸ ਦੇ ਹਵਾਲੇ ਕੀਤਾ ਹੈ । ਇਸ ਚਿੱਟਾ ਤਸਕਰ ‘ਤੇ ਪਹਿਲਾਂ ਵੀ ਅਨੇਕਾਂ ਮਾਮਲੇ ਦਰਜ ਹਨ। ਇੱਥੇ ਹੀ ਬੱਸ ਨਹੀਂ ਬਿੱਟੂ ਚਿੱਟਾ ਵੇਚਣ ਵਾਲੇ ਨੂੰ ਪੁਲਿਸ ਹਵਾਲੇ ਕਰਕੇ ਮੁੜ ਲਾਈਵ ਹੋਏ ਤੇ ਉਨ੍ਹਾਂ ਐਲੂਮਿਨੀਅਮ ਗੇਟ ਬਣਾਉਣ ਵਾਲੀ ਇਕ ਵਰਕਸ਼ਾਪ ‘ਚੋਂ ਨਸ਼ੀਲੇ ਕੈਪਸੂਲ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਜਾ ਦਬੋਚਿਆ ।
ਇਹ ਦੁਕਾਨ ਜਿੱਥੋਂ ਨਸ਼ੀਲੇ ਕੈਪਸੂਲ ਵੇਚੇ ਜਾਂਦੇ ਦੱਸੇ ਜਾ ਰਹੇ ਹਨ, ਇਕ ਸਥਾਨਕ ਆਪ ਆਗੂ ਦੀ ਹੈ । ਬਰਿੰਦਰ ਬਿੱਟੂ ਦਾ ਦੋਸ਼ ਹੈ ਕਿ ਪੁਲਿਸ ਆਪ ਆਗੂ ਨਾਲ ਰਿਆਇਤ ਕਰ ਰਹੀ ਹੈ । ਇਸ ਸੰਕੇ ਦੇ ਚਲਦਿਆਂ ਬਰਿੰਦਰ ਬਿੱਟੂ ਤੇ ਜ਼ੋਰਾ ਸਿੰਘ ਸਥਾਨਕ ਮਾਰਕੀਟ ਕਮੇਟੀ ਦਫਤਰ ਸਾਹਮਣੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਜਿਸ ਉਪਰੰਤ ਭਾਜਪਾ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਤੇ ਕਿਸਾਨ ਆਗੂ ਅਬਜਿੰਦਰ ਸਿੰਘ ਨਾਨੋਕੀ ਦੀ ਅਗਵਾਈ ਵਿੱਚ ਪਬਲਿਕ ਨੇ ਭਾਦਸੋਂ ਨਾਭਾ ਮੁੱਖ ਮਾਰਗ ਜਾਮ ਕਰ ਦਿੱਤਾ।
ਧਰਨੇ ਵਿੱਚ ਪੁੱਜੇ ਥਾਣਾ ਮੁਖੀ ਹਰਮਿੰਦਰ ਸਿੰਘ ਨੇ ਕਿਹਾ ਕਿ ਕਿਸੇ ਦੋਸ਼ੀ ਦੀ ਰਿਆਇਤ ਨਹੀਂ ਕੀਤੀ ਜਾਵੇਗੀ । ਥਾਣਾ ਮੁਖੀ ਨੇ ਦੱਸਿਆ ਕਿ ਜਿਸ ਸਮੇਂ ਦੁਕਾਨ ‘ਚੋਂ ਨਸ਼ਾ ਮਿਲਿਆ ਦੱਸਿਆ ਜਾ ਰਿਹਾ ਹੈ। ਉਸ ਸਮੇਂ ਆਗੂ ਦੁਕਾਨ ਵਿੱਚ ਨਹੀਂ ਸੀ ਪਰ ਨਸ਼ੇ ਨਾਲ ਫੜੇ ਗਏ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ‘ਤੇ ਦੁਕਾਨ ਮਾਲਕ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਵਿਸ਼ਵਾਸ਼ ‘ਤੇ ਧਰਨਾਕਾਰੀ ਥੋੜੇ ਸਾਂਤ ਹੋਏ ਤੇ ਧਰਨਾ ਚੁੱਕ ਦਿੱਤਾ ਗਿਆ ।
ਉਧਰ ਪਾਣੀ ਦੀ ਟੈਂਕੀ ‘ਤੇ ਚੜ੍ਹੇ ਬਰਿੰਦਰ ਬਿੱਟੂ ਤੇ ਜ਼ੋਰਾ ਸਿੰਘ ਨੂੰ ਐੱਫਆਈਆਰ ਦੀ ਕਾਪੀ ਮਿਲਣ ‘ਤੇ ਹੇਠਾਂ ਉਤਾਰਨ ਦਾ ਇਕਰਾਰ ਕੀਤਾ ਗਿਆ । ਖ਼ਬਰ ਲਿਖੇ ਜਾਣ ਤੱਕ ਐੱਫਆਈਆਰ ਦਾ ਇੰਤਜਾਰ ਕੀਤਾ ਜਾ ਰਿਹਾ ਸੀ ।