Patiala News : ਗੁਰਦੁਆਰਾ ਖਿੱਚੜੀ ਸਾਹਿਬ ਮਾਮਲੇ ‘ਚ ਸਾਰੇ ਮੁਲਜ਼ਮ ਬਰੀ, UAPA ਦੀਆਂ ਧਾਰਾਵਾਂ ਵੀ ਖਾਰਜ
ਪੁਲਿਸ ਦਾ ਦਾਅਵਾ ਸੀ ਕਿ ਮੁਲਜ਼ਮ ਗੁਰਦੁਆਰਾ ਸਾਹਿਬ ਵਿੱਚ ਲੁਕੇ ਹੋਏ ਸਨ ਅਤੇ ਉੱਥੋਂ ਪੁਲਿਸ ਟੀਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਵੀ ਦੋਸ਼ ਲਗਾਇਆ ਗਿਆ ਕਿ ਗੈਸ ਸਿਲੰਡਰ ਆਲੇ-ਦੁਆਲੇ ਲਗਾ ਕੇ ਅਤੇ ਪੈਟਰੋਲ ਬੰਬ ਤਿਆਰ ਕਰਕੇ ਥਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ।
Publish Date: Mon, 16 Feb 2026 06:33 PM (IST)
Updated Date: Mon, 16 Feb 2026 06:39 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੀ ਐਡੀਸ਼ਨਲ ਸੈਸ਼ਨ ਜੱਜ ਹਰਪ੍ਰੀਤ ਕੌਰ ਸਿੱਧੂ ਦੀ ਅਦਾਲਤ ਨੇ 12 ਅਪ੍ਰੈਲ 2020 ਦੀ ਘਟਨਾ ਨਾਲ ਜੁੜੇ ਗੁਰਦੁਆਰਾ ਖਿੱਚੜੀ ਸਾਹਿਬ ਮਾਮਲੇ ਵਿੱਚ ਨਿਹੰਗ ਬਲਵਿੰਦਰ ਪਾਲ ਸਿੰਘ, ਉਨ੍ਹਾਂ ਦੇ ਪੁੱਤਰ ਜਗਮੀਤ ਸਿੰਘ, ਨਿਰਭੈ ਸਿੰਘ ਸਮੇਤ ਕੁੱਲ ਸੱਤ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹਾਲਾਂਕਿ ਸਬਜ਼ੀ ਮੰਡੀ ਸਨੌਰ ਰੋਡ ਵਾਲਾ ਮੁੱਖ ਕੇਸ, ਜਿਸ ਵਿੱਚ ਏਐਸਆਈ ਹਰਜੀਤ ਸਿੰਘ ਦਾ ਗੁੱਟ ਵੱਢਣ ਦਾ ਦੋਸ਼ ਹੈ, ਅਜੇ ਵੀ ਅਦਾਲਤ ਵਿੱਚ ਵਿਚਾਰਧੀਨ ਹੈ।
12 ਅਪ੍ਰੈਲ 2020 ਨੂੰ ਲਾਕਡਾਊਨ ਦੌਰਾਨ ਪਟਿਆਲਾ ਦੇ ਸਨੋਰ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਡਿਊਟੀ ਕਰ ਰਹੇ ਏਐਸਆਈ ਹਰਜੀਤ ਸਿੰਘ ਦਾ ਕਿਰਪਾਨ ਨਾਲ ਗੁੱਟ ਵੱਢੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਗੁਰਦੁਆਰਾ ਖਿੱਚੜੀ ਸਾਹਿਬ, ਬਲਬੇੜਾ ਨੇੜੇ ਰੇਡ ਕੀਤੀ ਗਈ। ਪੁਲਿਸ ਦਾ ਦਾਅਵਾ ਸੀ ਕਿ ਮੁਲਜ਼ਮ ਗੁਰਦੁਆਰਾ ਸਾਹਿਬ ਵਿੱਚ ਲੁਕੇ ਹੋਏ ਸਨ ਅਤੇ ਉੱਥੋਂ ਪੁਲਿਸ ਟੀਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਵੀ ਦੋਸ਼ ਲਗਾਇਆ ਗਿਆ ਕਿ ਗੈਸ ਸਿਲੰਡਰ ਆਲੇ-ਦੁਆਲੇ ਲਗਾ ਕੇ ਅਤੇ ਪੈਟਰੋਲ ਬੰਬ ਤਿਆਰ ਕਰਕੇ ਥਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਸਬੰਧੀ ਥਾਣਾ ਸਦਰ ਵਿੱਚ ਐਫਆਈਆਰ ਦਰਜ ਹੋਈ ਅਤੇ ਥਾਣਾ ਪਸਿਆਣਾ ਵਿੱਚ ਵੱਖਰੀ ਐਫਆਈਆਰ ਵੀ ਦਰਜ ਕੀਤੀ ਗਈ ਸੀ।