- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੱਤੇ ਦੇ ਕੱਟਣ ਨਾਲ ਪਤੀ-ਪਤਨੀ ਦੇ ਕਾਫੀ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਪਤਨੀ ਦੀ ਸਰਜਰੀ ਤੱਕ ਕਰਵਾਉਣੀ ਪਈ ਤੇ ਪਤਨੀ ਹੁਣ ਵੀ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਦਾਖਲ ਹੈ। ਪੀੜਿਤਾਂ ਦੀ ਪਛਾਣ ਅੰਕਿਤ ਸਭਰਵਾਲ ਅਤੇ ਸਿਫਾਲੀ ਸਭਰਵਾਲ ਵਾਸੀ ਪਟਿਆਲਾ ਵਜੋਂ ਹੋਈ ਹੈ।

ਪਰਗਟ ਸਿੰਘ•ਪੰਜਾਬੀ ਜਾਗਰਣ•ਪਟਿਆਲਾ : ਜਿੱਥੇ ਸੂਬੇ ’ਚ ਅਵਾਰਾ ਕੁੱਤਿਆਂ ਵੱਲੋਂ ਇਨਸਾਨਾਂ ਨੂੰ ਕੱਟਣ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ਉਥੇ ਹੀ ਸਿਹਤ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹੇ ’ਚ ਵੀ ਅਵਾਰਾ ਕੁੱਤਿਆਂ ਦੇ ਕੱਟਣ ਦਾ ਸ਼ਿਲਸਿਲਾ ਲਗਾਤਾਰ ਜਾਰੀ ਹੈ। 11 ਅਗਸਤ ਸ਼ਾਮ ਨੂੰ ਸ਼ਹਿਰ ਦੇ ਘੁੰਮਣ ਨਗਰ ਵਿਖੇ ਮਕਾਨ ਮਾਲਕ ਵੱਲੋਂ ਖੁੱਲੇ ਛੱਡੇ ਗਏ ਇੱਕ ਪਿੱਟਬੁੱਲ ਕੁੱਤੇ ਵੱਲੋਂ ਪਤੀ-ਪਤਨੀ ਨੂੰ ਬੁਰੀ ਤਰ੍ਹਾ ਨੋਚਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਕੁੱਤੇ ਦੇ ਕੱਟਣ ਨਾਲ ਪਤੀ-ਪਤਨੀ ਦੇ ਕਾਫੀ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਪਤਨੀ ਦੀ ਸਰਜਰੀ ਤੱਕ ਕਰਵਾਉਣੀ ਪਈ ਤੇ ਪਤਨੀ ਹੁਣ ਵੀ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਦਾਖਲ ਹੈ। ਪੀੜਿਤਾਂ ਦੀ ਪਛਾਣ ਅੰਕਿਤ ਸਭਰਵਾਲ ਅਤੇ ਸਿਫਾਲੀ ਸਭਰਵਾਲ ਵਾਸੀ ਪਟਿਆਲਾ ਵਜੋਂ ਹੋਈ ਹੈ। ਇਸ ਘਟਨਾ ਸਬੰਧੀ ਨੇੜਲੇ ਘਰਾਂ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਵੀਡਿਓ ਵਾਈਰਲ ਹੋਈ ਹੈ, ਜਿਸ ਉਪਰੰਤ ਸ਼ਹਿਰ ਵਾਸੀਆਂ ’ਚ ਸ਼ਹਿਮ ਦਾ ਮਾਹੌਲ ਹੈ। ਨੇੜਲੇ ਘਰਾਂ ਦੇ ਲੋਕ ਕਾਫੀ ਮੁਸ਼ੱਤਕ ਨਾਲ ਕੁੱਤੇ ਨੂੰ ਕੱਟਣ ਤੋਂ ਹਟਾਉਂਦੇ ਹਨ ਤੇ ਪੀੜਿਤ ਮੁਸ਼ੱਤਕ ਨਾਲ ਜਾਨ ਬਚਾ ਕੇ ਭੱਜਦੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਕਿਤ ਸਭਰਵਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਉਹ ਇੱਕ ਪ੍ਰਾਪਰਟੀ ਡੀਲਰ ਨਾਲ ਘੁੰਮਣ ਨਗਰ ਵਿਖੇ ਕੋਠੀ ਖਰੀਦਣ ਲਈ ਦੇਖਣ ਗਏ ਸਨ ਤੇ ਜਦੋਂ ਬਾਹਰ ਖੜ੍ਹੇ ਮਕਾਨ ਦੇਖ ਰਹੇ ਸਨ ਤਾਂ ਪ੍ਰਾਪਰਟੀ ਡੀਲਰ ਵੱਲੋਂ ਗੇਟ ਖੁੱਲਣ ’ਤੇ ਮਕਾਨ ਮਾਲਕਾਂ ਵੱਲੋਂ ਖੁੱਲ੍ਹਾ ਛੱਡਿਆ ਪਿੱਟਬੁੱਲ ਕੁੱਤਾ ਅਚਾਨਕ ਬਾਹਰ ਨਿਕਲ ਆਇਆ ਤੇ ਮੇਰੀ ਪਤਨੀ ਸਿਫਾਲੀ ਨੂੰ ਬੂਰੀ ਤਰਾਂ ਨੋਚਿਆ। ਉਨ੍ਹਾਂ ਦੱਸਿਆ ਕਿ ਪਿੱਟਬੁੱਲ ਨੇ ਮੇਰੀ ਪਤਨੀ ਦੀ ਬਾਂਹ ਅਤੇ ਹੋਰ ਕਈ ਥਾਈਂ ਕੱਟ ਕੇ ਮਾਸ਼ ਨੋਚ ਲਿਆ, ਜਿਸ ਕਾਰਨ ਉਨ੍ਹਾਂ ਦੀ ਸਰਜਰੀ ਕਰਵਾਉਣੀ ਪਈ ਹੈ ਤੇ ਉਹ ਹੁਣ ਵੀ ਅਮਰ ਹਸਪਤਾਲ ’ਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਮੇਰੇ ਵੀ ਲੱਤਾਂ ਤੇ ਪਿੱਠ ’ਤੇ ਕਾਫੀ ਥਾਵਾਂ ’ਤੇ ਕੱਟਣ ਦੇ ਡੂੰਘੇ ਨਿਸਾਨ ਹਨ। ਅੰਕਿਤ ਸਭਰਵਾਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਜਰੂਰ ਕਰਵਾਈ ਜਾਵੇਗੀ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 9 ਅਗਸਤ ਨੂੰ ਗੁਰੂ ਨਾਨਕ ਨਗਰ ਵਿਖੇ ਵੀ ਇੱਕ ਅਵਾਰਾ ਕੁੱਤੇ ਵੱਲੋਂ ਰਾਹ ਜਾਂਦੀ ਲੜਕੀ ਨੂੰ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ।
7 ਮਹੀਨਿਆਂ ’ਚ 15679 ਵਿਅਕਤੀਆਂ ਨੂੰ ਕੁੱਤਿਆਂ ਨੇ ਕੱਟਿਆ
ਜ਼ਿਕਰਯੋਗ ਹੈ ਕਿ ਸ਼ਹਿਰ ’ਚ ਤਾਂ ਨਗਰ ਨਿਗਮ ਵੱਲੋਂ ਟੈਂਡਰ ਕਰਕੇ ਕੁੱਤਿਆਂ ਦੀ ਨਸਬੰਦੀ ਆਦਿ ਦਾ ਕੰਮ ਤਾਂ ਕੀਤਾ ਜਾਂਦਾ ਹੈ ਪਰ ਨਗਰ ਕੌਂਸਲਾਂ ਤੇ ਪੰਚਾਇਤੀ ਖੇਤਰਾਂ ’ਚ ਕੰਮ ਰੱਬ ਆਸਰੇ ਚਲਦਾ ਹੈ ਕਿਉਂਕਿ ਇਨ੍ਹਾਂ ਖੇਤਰਾਂ ’ਚ ਕੁੱਤਿਆਂ ਦੀ ਰੋਕਥਾਮ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੁੰਦਾ। ਜਿਨ੍ਹਾਂ ਪਿੰਡਾਂ ’ਚ ਹੱਡਾਰੋੜੀ ਹੋਵੇ ਉਥੇ ਇਹ ਸਮੱਸਿਆ ਹੋਰ ਵੀ ਵਿਕਰਾਲ ਹੋ ਜਾਂਦੀ ਹੈ ।
100 ਤੋਂ ਵੱਧ ਥਾਵਾਂ ’ਤੇ ਹੁੰਦਾ ਇਲਾਜ- ਡਾ ਗੁਰਪ੍ਰੀਤ ਕੌਰ
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਨੋਡਲ ਅਫਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਾਨਵਰਾਂ ਦੇ ਕੱਟਣ ਦਾ ਸਰਕਾਰੀ ਹਸਪਤਾਲਾਂ ’ਚ ਮੁਫਤ ਇਲਾਜ ਕੀਤਾ ਜਾਂਦਾ ਹੈ, ਜਿਸ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਮਾਤਾ ਕੁੱਸਲਿਆ ਹਸਪਤਾਲ ਸਮੇਤ ਸਿਵਲ ਹਸਪਤਾਲਾਂ ਨੂੰ ਨੋਡਲ ਹਸਪਤਾਲ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਤੋਂ ਇਲਾਵਾ ਜਿਲ੍ਹੇ ਦੇ 79 ਆਮ ਆਦਮੀ ਕਲੀਨਿਕਾਂ ਵਿਚ ਵੀ ਐਂਟੀਰੈਬਿਜ ਇੰਜੈਕਸ਼ਨ ਤੋਂ ਇਲਾਵਾ ਸੀਰਮ ਲਗਾਉਣ ਦਾ ਪ੍ਰਬੰਧ ਵੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ 100 ਤੋਂ ਵੱਧ ਥਾਵਾਂ ’ਤੇ ਕੁੱਤੇ ਦੇ ਕੱਟੇ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾ. ਗੁਰਪ੍ਰੀਤ ਕੌਰ ਨੇ ਆਖਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕੁੱਤਾ ਕੱਟ ਲਵੇ ਤਾਂ ਉਸਨੂੰ 4 ਟੀਕਿਆਂ ਦਾ ਕੋਰਸ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੁੱਤੇ ਦੇ ਕੱਟੇ ਦਾ ਸਹੀ ਇਲਾਜ ਜਰੂਰੀ ਹੈ ਕਿਉਂਕਿ ਜੇਕਰ ਹਲਕਾਅ ਹੋ ਜਾਵੇ ਫਿਰ ਬਿਮਾਰੀ ਲਾਇਲਾਜ ਹੋ ਜਾਂਦੀ ਹੈ।
ਸਾਲ 2026 ’ਚ ਆਏ ਮਹੀਨਾਵਾਰ ਕੇਸ
ਜਨਵਰੀ-2298
ਫਰਵਰੀ-2514
ਮਾਰਚ -2376
ਅਪ੍ਰੈਲ-2013
ਮਈ- 1817
ਜੂਨ -2705
ਜੁਲਾਈ- 1956
ਕੁੱਲ- 15679
ਪਿਟਬੁਲ ਰੱਖਣ ’ਤੇ ਪਾਬੰਦੀ, ਮਾਮਲੇ ਦੀ ਜਾਂਚ ਕਰ ਕੇ ਹੋਵੇਗੀ ਕਾਰਵਾਈ : ਡਿਪਟੀ ਡਾਇਰੈਕਟਰ
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਿਰਕਮਜੀਤ ਸਿੰਘ ਨੇ ਕਿਹਾ ਕਿ ਪਿਟਬੁਲ ਕੁੱਤਾ ਰੱਖਣ ’ਤੇ ਪਾਬੰਦੀ ਹੈ, ਜਿਸ ਦੇ ਚੱਲਦਿਆਂ ਕੋਈ ਵੀ ਵਿਅਕਤੀ ਇਹ ਕੁੱਤਾ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਘਟਨਾ ਨਾਲ ਸਬੰਧਤ ਵੀਡੀਓ ਨਹੀਂ ਦੇਖੀ ਹੈ, ਕਿਉਂਕਿ ਉਹ ਚੰਡੀਗੜ੍ਹ ਵਿੱਚ ਮੀਟਿੰਗ ਵਿੱਚ ਸਨ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕਰਵਾਉਣ ਤੋਂ ਬਾਅਦ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਾਰਵਾਈ ਕਰਨਾ ਪਸ਼ੂ ਪਾਲਣ ਵਿਭਾਗ ਦੀ ਜ਼ਿੰਮੇਵਾਰੀ- ਕਮਿਸ਼ਨਰ ਨਿਗਮ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਪਿਟਬੁਲ ਵਰਗੇ ਤਾਕਤਵਰ ਕੁੱਤਿਆਂ ਨੂੰ ਘਰਾਂ ਵਿੱਚ ਰੱਖਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਪਿਟਬੁਲ ਰੱਖਣ ’ਤੇ ਰੋਕ ਲਗਾਈ ਗਈ ਹੈ, ਪਰ ਇਨ੍ਹਾਂ ਦੀ ਰਜਿਸਟ੍ਰੇਸ਼ਨ ਜਾਂ ਫਿਰ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਪਸ਼ੂ ਪਾਲਣ ਵਿਭਾਗ ਦੀ ਹੈ। ਕਮਿਸ਼ਨਰ ਨੇ ਕਿਹਾ ਕਿ ਘਟਨਾ ਦੀ ਵੀਡੀਓ ਉਨ੍ਹਾਂ ਕੋਲ ਪਹੁੰਚ ਚੁੱਕੀ ਹੈ ਅਤੇ ਕਾਰਵਾਈ ਕਰਵਾਉਣ ਲਈ ਵੀਡੀਓ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਭੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵੀ ਆਪਣੇ ਪੱਧਰ ’ਤੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।
ਨਿਯਮ ਕੀ ਕਹਿੰਦੇ -
-ਪਾਲਤੂ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ।
-ਟੀਕਾਕਰਨ ਕਾਰਡ ਦਿਖਾ ਕੇ ਹਰ ਸਾਲ ਜਾਂ ਨਿਰਧਾਰਤ ਸਮੇਂ ਅਨੁਸਾਰ ਲਾਇਸੈਂਸ ਰੀਨਿਊ ਕਰਵਾਉਣਾ ਹੁੰਦਾ ਹੈ।
-ਕੁੱਤੇ ਨੂੰ ਸਮੇਂ ਸਿਰ ਐਂਟੀ-ਰੇਬੀਜ਼ ਅਤੇ ਹੋਰ ਜ਼ਰੂਰੀ ਟੀਕੇ ਲਗਵਾਉਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ।
- ਪਸ਼ੂ ਡਾਕਟਰ ਵੱਲੋਂ ਜਾਰੀ ਕੀਤਾ ਟੀਕਾਕਰਨ ਕਾਰਡ ਸੰਭਾਲ ਕੇ ਰੱਖਣਾ ਚਾਹੀਦਾ ਹੈ।
- ਘਰ ਤੋਂ ਬਾਹਰ ਜਾਂ ਸੁਸਾਇਟੀ ਦੇ ਸਾਂਝੇ ਇਲਾਕੇ ਵਿੱਚ ਕੁੱਤੇ ਨੂੰ ਹਮੇਸ਼ਾ ਪੱਟੇ ਨਾਲ ਬੰਨ੍ਹ ਕੇ ਰੱਖਣਾ ਚਾਹੀਦਾ ਹੈ।
- ਜਨਤਕ ਥਾਵਾਂ ਜਾਂ ਪਾਰਕ ਵਿੱਚ ਕੁੱਤੇ ਵੱਲੋਂ ਗੰਦਗੀ ਫੈਲਾਉਣ ’ਤੇ ਉਸ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਮਾਲਕ ਦੀ ਹੁੰਦੀ ਹੈ।
- ਕੁੱਤਿਆਂ ਦੇ ਮੂੰਹ ’ਤੇ ਜਾਲੀ ਪਾਉਣਾ ਲਾਜ਼ਮੀ ਨਹੀਂ ਹੈ, ਪਰ ਜੇਕਰ ਕੁੱਤਾ ਹਮਲਾਵਰ ਸੁਭਾਅ ਦਾ ਹੈ ਤਾਂ ਸੁਰੱਖਿਆ ਲਈ ਇਸ ਦੀ ਵਰਤੋਂ ਕਰਨਾ ਉਚਿਤ ਹੈ।
-ਕੁੱਤੇ ਦੀ ਦੇਖਭਾਲ ਵਿੱਚ ਲਾਪਰਵਾਹੀ ਵਰਤਣਾ ਅਪਰਾਧ ਮੰਨਿਆ ਜਾਂਦਾ ਹੈ।
- ਕੁੱਤੇ ਨੂੰ ਸੜਕ ’ਤੇ ਲਾਵਾਰਿਸ ਛੱਡ ਦੇਣਾ ਕਾਨੂੰਨਨ ਅਪਰਾਧ ਹੈ।