ਪਟਿਆਲਾ ਨਿਗਮ ਚੋਣਾਂ 'ਚ ਹੰਗਾਮਾ: ਵਾਰਡ ਨੰਬਰ 33 'ਚ ਭਾਜਪਾ ਤੇ 'ਆਪ' ਉਮੀਦਵਾਰ ਦੇ ਪਤੀ ਵਿਚਕਾਰ ਤਿੱਖੀ ਬਹਿਸ
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਵਾਰਡ ਦੇ ਇੱਕ ਪੋਲਿੰਗ ਬੂਥ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਸ਼ੁਰੂ ਹੋਈ, ਜੋ ਦੇਖਦੇ ਹੀ ਦੇਖਦੇ ਤਿੱਖੀ ਬਹਿਸ ਵਿੱਚ ਬਦਲ ਗਈ। ਇਸ ਦੌਰਾਨ ਦੋਵਾਂ ਆਗੂਆਂ ਦੇ ਸਮਰਥਕ ਵੀ ਉੱਥੇ ਇਕੱਠੇ ਹੋ ਗਏ, ਜਿਸ ਕਾਰਨ ਸਥਿਤੀ ਕਾਫੀ ਗਰਮਾ ਗਈ।
Publish Date: Sat, 28 Nov 2026 12:46 PM (IST)
Updated Date: Sat, 28 Nov 2026 12:53 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਨਗਰ ਨਿਗਮ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਦੌਰਾਨ ਪਟਿਆਲਾ ਦੇ ਵਾਰਡ ਨੰਬਰ 33 ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਗੂ ਜੈਇੰਦਰ ਕੌਰ ਅਤੇ ਆਮ ਆਦਮੀ ਪਾਰਟੀ ('ਆਪ') ਦੇ ਉਮੀਦਵਾਰ ਦੇ ਪਤੀ ਦਵਿੰਦਰਪਾਲ ਸਿੰਘ ਮਿਕੀ ਵਿਚਕਾਰ ਤਿੱਖੀ ਬਹਿਸਬਾਜ਼ੀ ਹੋ ਗਈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਵਾਰਡ ਦੇ ਇੱਕ ਪੋਲਿੰਗ ਬੂਥ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਸ਼ੁਰੂ ਹੋਈ, ਜੋ ਦੇਖਦੇ ਹੀ ਦੇਖਦੇ ਤਿੱਖੀ ਬਹਿਸ ਵਿੱਚ ਬਦਲ ਗਈ। ਇਸ ਦੌਰਾਨ ਦੋਵਾਂ ਆਗੂਆਂ ਦੇ ਸਮਰਥਕ ਵੀ ਉੱਥੇ ਇਕੱਠੇ ਹੋ ਗਏ, ਜਿਸ ਕਾਰਨ ਸਥਿਤੀ ਕਾਫੀ ਗਰਮਾ ਗਈ।
ਘਟਨਾ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ ਗਏ। ਭਾਜਪਾ ਆਗੂ ਜੈਇੰਦਰ ਕੌਰ ਵੱਲੋਂ ਸੱਤਾਧਾਰੀ ਧਿਰ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ, ਜਦਕਿ ਦੂਜੇ ਪਾਸੇ ਦਵਿੰਦਰਪਾਲ ਸਿੰਘ ਮਿਕੀ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਵਿਰੋਧੀ ਧਿਰ 'ਤੇ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਮੜ੍ਹਿਆ ਗਿਆ।
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਅਤੇ ਸਮਝਾ-ਬੁਝਾ ਕੇ ਮਾਮਲੇ ਨੂੰ ਸ਼ਾਂਤ ਕੀਤਾ। ਪੁਲਿਸ ਦੀ ਦਖਲਅੰਦਾਜ਼ੀ ਤੋਂ ਬਾਅਦ ਇਕੱਠੀ ਹੋਈ ਭੀੜ ਨੂੰ ਉੱਥੋਂ ਹਟਾਇਆ ਗਿਆ ਅਤੇ ਵੋਟਿੰਗ ਦਾ ਕੰਮ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।